ਇਸਲਾਮਾਬਾਦ, 27 ਜਨਵਰੀ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅਤਿ-ਲੋੜੀਂਦੇ ਵਿਦੇਸ਼ ਕਰਜ਼ਿਆਂ ਨੂੰ ਮੁੜ ਤੋਂ ਸ਼ੁਰੂ ਕਰਵਾਉਣ ਲਈ ਜਲਦੀ ਹੀ ਆਈਐੱਮਐੱਫ ਨਾਲ ਸਮਝੌਤਾ ਹੋਣ ਦੀ ਆਸ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਆਈਐੱਮਐੱਫ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਵਿੱਤੀ ਸੰਕਟ ਨਾਲ ਜੂਝ ਰਹੇ ਇਸ ਦੇਸ਼ ਵਿੱਚ ਆਪਣਾ ਸਟਾਫ ਮਿਸ਼ਨ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਸ਼ਰੀਫ ਵੱਲੋਂ ਇਹ ਟਿੱਪਣੀ ਅੱਜ ਕੀਤੀ ਗਈ ਹੈ ਕਿਉਂਕਿ ਦੇਸ਼ ਦਾ ਅਰਥਚਾਰਾ ਇਸ ਵੇਲੇ ਕਾਫੀ ਚਿੰਤਾਜਨਕ ਸਥਿਤੀ ਵਿੱਚ ਹੈ। ਇਸ ਦਾ ਵਿਦੇਸ਼ੀ ਮੁਦਰਾ ਫੰਡ ਘੱਟ ਕੇ ਸਿਰਫ 3.7 ਅਰਬ ਅਮਰੀਕੀ ਡਾਲਰ ਰਹਿ ਗਿਆ ਹੈ ਜੋ ਕਿ ਮਾਹਿਰਾਂ ਮੁਤਾਬਕ ਇਕ ਚਿੰਤਾ ਵਾਲਾ ਪੱਧਰ ਹੈ। -ਪੀਟੀਆਈ