ਪਿਸ਼ਾਵਰ, 31 ਜਨਵਰੀ
ਪਾਕਿਸਤਾਨ ਵਿੱਚ ਸੋਮਵਾਰ ਨੂੰ ਨਮਾਜ਼ ਦੌਰਾਨ ਮਸਜਿਦ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 93 ਹੋ ਗਈ ਤੇ 221 ਜ਼ਖ਼ਮੀਆਂ ‘ਚੋਂ ਕਈਆਂ ਦੀ ਹਾਲਤ ਚਿੰਤਾਜਣਕ ਹੈ। ਮਲਬੇ ‘ਚੋਂ ਹੋਰ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਦੌਰਾਨ ਪੁਲੀਸ ਨੇ ਹਮਲਾਵਰ ਦਾ ਸਿਰ ਬਰਾਮਦ ਕਰ ਲਿਆ ਹੈ। ਇਹ ਕਾਫ਼ੀ ਖਰਾਬ ਹਾਲਤ ‘ਚ ਹੈ। ਸੁਰੱਖਿਆ ਅਧਿਕਾਰੀਆਂ ਮੁਤਾਬਕ ਹਮਲਾਵਰ ਦੁਪਹਿਰ ਦੀ ਨਮਾਜ਼ ਦੌਰਾਨ ਮੂਹਰਲੀ ਕਤਾਰ ਵਿੱਚ ਸੀ, ਜਦੋਂ ਉਸ ਨੇ ਆਪਣੇ ਵਿਸਫੋਟਕਾਂ ਨਾਲ ਧਮਾਕਾ ਕੀਤਾ। ਇਸ ਧਮਾਕੇ ਵਿੱਚ ਮਸਜਿਦ ਦੇ ਇਮਾਮ ਮੌਲਾਨਾ ਸਾਹਿਬਜ਼ਾਦਾ ਨੂਰੁਲ ਅਮੀਨ ਦੀ ਵੀ ਮੌਤ ਹੋ ਗਈ। ਇਸ ਦੌਰਾਨ ਭਾਰਤ ਨੇ ਹਮਲੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ ਹੈ।