ਕੈਨਬਰਾ, 2 ਫਰਵਰੀ
ਆਸਟਰੇਲੀਆ ਆਪਣੇ ਕਰੰਸੀ ਨੋਟਾਂ ਤੋਂ ਬਰਤਾਨਵੀ ਰਾਜਾਸ਼ਾਹੀ ਦੇ ਪ੍ਰਤੀਕ ਨੂੰ ਹਟਾਉਣ ਜਾ ਰਿਹਾ ਹੈ। ਦੇਸ਼ ਦੇ ਕੇਂਦਰੀ ਬੈਂਕ ਨੇ ਅੱਜ ਐਲਾਨ ਕੀਤਾ ਹੈ ਕਿ ਪੰਜ ਡਾਲਰ ਦੇ ਨਵੇਂ ਨੋਟ ‘ਤੇ ਬਰਤਾਨੀਆ ਦੇ ਮਹਾਰਾਜਾ ਚਾਰਲਸ-ਤੀਜੇ ਦੀ ਤਸਵੀਰ ਦੀ ਬਜਾਏ ਦੇਸ਼ ਦੇ ਸਭਿਆਚਾਰ ਦੀ ਝਲਕ ਦਿਖਾਉਂਦਾ ਕੋਈ ਡਿਜ਼ਾਈਨ ਹੋਵੇਗਾ। ਹਾਲਾਂਕਿ, ਬਾਦਸ਼ਾਹ ਚਾਰਲਸ-ਤੀਜੇ ਦੀਆਂ ਤਸਵੀਰਾਂ ਸਿੱਕਿਆਂ ‘ਤੇ ਨਜ਼ਰ ਆਉਂਦੇ ਰਹਿਣ ਦੀ ਸੰਭਾਵਨਾ ਹੈ। ਆਸਟਰੇਲੀਆ ਵਿੱਚ ਸਿਰਫ ਪੰਜ ਡਾਲਰ ਦੇ ਨੋਟ ‘ਤੇ ਹੀ ਬਰਤਾਨਵੀ ਰਾਜਾਸ਼ਾਹੀ ਦੀ ਛਾਪ ਨਜ਼ਰ ਆਉਂਦੀ ਹੈ। ਬੈਂਕ ਨੇ ਕਿਹਾ ਕਿ ਸਰਕਾਰ ਨਾਲ ਚਰਚਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਅਤੇ ਸਰਕਾਰ ਨੇ ਇਸ ਬਦਲਾਅ ਦਾ ਸਮਰਥਨ ਕੀਤਾ ਹੈ। ਉਧਰ, ਵਿਰੋਧੀ ਪਾਰਟੀਆਂ ਨੇ ਇਸ ਕਦਮ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਬਰਤਾਨਵੀ ਬਾਦਸ਼ਾਹ ਨੂੰ ਹੁਣ ਵੀ ਆਸਟਰੇਲੀਆ ਦਾ ਰਾਸ਼ਟਰ ਮੁਖੀ ਮੰਨਿਆ ਜਾਂਦਾ ਹੈ। -ਏਪੀ