ਬੰਗਲੂਰੂ, 6 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆਂ ਭਰ ਦੇ ਨਿਵੇਸ਼ਕਾਂ ਨੂੰ ਦੇਸ਼ ਦੇ ਊਰਜਾ ਖੇਤਰ ਵਿੱਚ ਨਿਵੇਸ਼ ਦੇ ਮੌਕਿਆਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ ਅਤੇ ਭਾਰਤ ਨੂੰ ਵਿਸ਼ਵ ਵਿੱਚ ਨਿਵੇਸ਼ ਦਾ ਸਭ ਤੋਂ ਵਧੀਆ ਸਥਾਨ ਕਰਾਰ ਦਿੱਤਾ। ਅੱਜ ਇੱਥੇ ‘ਇੰਡੀਆ ਐਨਰਜੀ ਵੀਕ-2023’ ਦਾ ਉਦਘਾਟਨ ਕਰਨ ਤੋਂ ਬਾਅਦ ਮੋਦੀ ਨੇ ਕਿਹਾ ਕਿ ਬਜਟ 2023-24 ਵਿੱਚ 10 ਲੱਖ ਕਰੋੜ ਰੁਪਏ ਦੇ ਪੂੰਜੀ ਖਰਚ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਨਾਲ ਗਰੀਨ ਐਨਰਜੀ (ਹਰੀ ਊਰਜਾ), ਸੋਲਰ ਬਿਜਲੀ ਅਤੇ ਸੜਕ ਖੇਤਰਾਂ ਨੂੰ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ, ”ਮੈਂ ਤੁਹਾਨੂੰ ਭਾਰਤ ਦੇ ਊਰਜਾ ਖੇਤਰ ਵਿੱਚ ਸਾਰੇ ਮੌਕਿਆਂ ਦਾ ਫਾਇਦਾ ਉਠਾਉਣ ਲਈ ਕਹਿ ਰਿਹਾ ਹਾਂ। ਭਾਰਤ ਅੱਜ ਨਿਵੇਸ਼ ਲਈ ਸਭ ਤੋਂ ਢੁਕਵੀਂ ਥਾਂ ਹੈ।” ਇੱਥੇ ‘ਇੰਡੀਆ ਐਨਰਜੀ ਵੀਕ-2023’ ਵਿੱਚ ਵੱਖ-ਵੱਖ ਦੇਸ਼ਾਂ ਦੇ ਕਈ ਮੰਤਰੀ, ਕਾਰਪੋਰੇਟ ਆਗੂ ਅਤੇ ਮਾਹਿਰ ਹਿੱਸਾ ਲੈ ਰਹੇ ਹਨ। ਇਸ ਮੌਕੇ ਆਪਣੇ ਸੰਬੋਧਨ ਵਿੱਚ ਮੋਦੀ ਨੇ ‘ਹਰੀ ਊਰਜਾ’ ਨੂੰ ਉਤਸ਼ਾਹਿਤ ਕਰਨ ਅਤੇ 2070 ਤੱਕ ਸ਼ੁੱਧ ਜ਼ੀਰੋ ਨਿਕਾਸੀ ਟੀਚੇ ਨੂੰ ਹਾਸਲ ਕਰਨ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ।