ਨਵੀਂ ਦਿੱਲੀ/ਕੋਟਾ, 18 ਫਰਵਰੀ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਦੀਆਂ ਗੈਰਕਾਨੂੰਨੀ ਗਤੀਵਿਧੀਆਂ ਨਾਲ ਸਬੰਧਤ ਕੇਸ ਦੀ ਜਾਂਚ ਲਈ ਅੱਜ ਰਾਜਸਥਾਨ ਵਿੱਚ ਸੱਤ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ। ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਕੋਟਾ ਵਿੱਚ ਤਿੰਨ ਛਾਪੇ ਮਾਰੇ ਗਏ ਜਦੋਂ ਕਿ ਮਾਧੋਪੁਰ, ਭੀਲਵਾੜਾ, ਬੂੰਦੀ ਤੇ ਜੈਪੁਰ ਜ਼ਿਲ੍ਹਿਆਂ ਵਿੱਚ ਇਕ-ਇਕ ਛਾਪਾ ਮਾਰਿਆ ਗਿਆ। ਇਸ ਕਾਰਵਾਈ ਦੌਰਾਨ ਡਿਜੀਟਲ ਉਪਕਰਨ, ਏਅਰਗੰਨ, ਹਥਿਆਰ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ। ਜ਼ਿਕਰਯੋਗ ਹੈ ਕਿ ਐੱਨਆਈਏ ਨੂੰ ਬੀਤੇ ਸਾਲ 19 ਸਤੰਬਰ ਨੂੰ ਸੂਚਨਾ ਮਿਲੀ ਸੀ ਕਿ ਪੀਐੱਫਆਈ ਦੇ ਮੈਂਬਰ ਸਾਦਿਕ ਸਰਾਫ ਵਾਸੀ ਬਾਰਨ ਅਤੇ ਮੁਹੰਮਦ ਆਸਿਫ ਵਾਸੀ ਕੋਟਾ ਇਸ ਸੰਸਥਾ ਦੇ ਅਹੁਦੇਦਾਰਾਂ ਨਾਲ ਮਿਲ ਕੇ ਗੈਰਕਾਨੂੰਨੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਇਸ ਸਬੰਧ ਵਿੱਚ ਐੱਨਆਈਏ ਨੇ ਕੇਸ ਵੀ ਦਰਜ ਕੀਤਾ ਸੀ ਜਿਸ ਬਾਰੇ ਅਗਲੇਰੀ ਜਾਂਚ ਜਾਰੀ ਹੈ। -ਪੀਟੀਆਈ