ਕੀਵ, 21 ਫਰਵਰੀ
ਅਮਰੀਕਾ ਦੇ ਰਾਸ਼ਟਰਪਤੀ ਦਾ ਮੋਟਰ ਕਾਫਲਾ ਐਤਵਾਰ ਤੜਕੇ 3:30 ਵਜੇ ਦੇ ਕਰੀਬ ਵ੍ਹਾਈਟ ਹਾਊਸ ਤੋਂ ਰਵਾਨਾ ਹੋ ਗਿਆ ਅਤੇ ਜੋਅ ਬਾਇਡਨ ਨੇ ਯੂਕਰੇਨ ਜਾਣ ਲਈ ਏਅਰ ਫੋਰਸ ਵਨ ਦੀ ਥਾਂ ਏਅਰ ਫੋਰਸ ਸੀ-32 ਜਹਾਜ਼ ਦੀ ਵਰਤੋਂ ਕੀਤੀ ਤਾਂ ਕਿ ਕਿਸੇ ਨੂੰ ਉਨ੍ਹਾਂ ਦੇ ਕੀਵ ਜਾਣ ਦੀ ਭਿਣਕ ਨਾ ਲੱਗੇ। ‘ਏਅਰ ਫੋਰਸ ਸੀ-32’ ਦੀ ਵਰਤੋਂ ਆਮ ਤੌਰ ‘ਤੇ ਘਰੇਲੂ ਯਾਤਰਾ ਲਈ ਕੀਤੀ ਜਾਂਦੀ ਹੈ। ਬਾਇਡਨ ਵ੍ਹਾਈਟ ਹਾਊਸ ਛੱਡਣ ਤੋਂ ਕੁਝ ਘੰਟਿਆਂ ਬਾਅਦ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਨਜ਼ਰ ਆਏ। ਬਾਇਡਨ ਦੀ 23 ਘੰਟੇ ਦੀ ਯਾਤਰਾ ਆਧੁਨਿਕ ਇਤਿਹਾਸ ਵਿੱਚ ਅਜਿਹੀ ਪਹਿਲੀ ਘਟਨਾ ਹੈ, ਜਦੋਂ ਕੋਈ ਅਮਰੀਕੀ ਨੇਤਾ ਅਜਿਹੇ ਯੁੱਧ ਦੇ ਮੈਦਾਨ ਵਿੱਚ ਗਿਆ ਹੋਵੇ ਜਿੱਥੇ ਅਮਰੀਕੀ ਫੌਜ ਮੌਜੂਦ ਨਹੀਂ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਯਾਤਰਾ ‘ਚ ਖਤਰਾ ਸੀ ਪਰ ਰੂਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਸੀ। ਰਾਸ਼ਟਰਪਤੀ ਦੀ ਲਿਮੋਜ਼ਿਨ ਦੀ ਬਜਾਏ ਚਿੱਟੇ ਰੰਗ ਦੀ ਐੱਸਯੂਵੀ ‘ਚ ਸਵਾਰ ਬਾਇਡਨ ਪੰਜ ਘੰਟੇ ਤੱਕ ਯੂਕਰੇਨ ਦੇ ਸ਼ਹਿਰ ‘ਚ ਕਈ ਥਾਵਾਂ ‘ਤੇ ਰੁਕੇ ਪਰ ਇਸ ਦੌਰਾਨ ਯੂਕਰੇਨ ਦੇ ਲੋਕਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ‘ਚ ਅਮਰੀਕੀ ਰਾਸ਼ਟਰਪਤੀ ਵੀ ਸ਼ਾਮਲ ਹਨ। ਏਅਰ ਫੋਰਸ ਸੀ-32 ਜਹਾਜ਼, ਜਿਸ ਵਿਚ ਬਾਇਡਨ ਨੇ ਯਾਤਰਾ ਕੀਤੀ ਸੀ, ਨੂੰ ਜਰਮਨੀ ਵਿਚ ਈਂਧਨ ਭਰਨ ਲਈ ਰੋਕ ਦਿੱਤਾ ਗਿਆ ਸੀ, ਜਿੱਥੇ ਰਾਸ਼ਟਰਪਤੀ ਉਤਰੇ ਨਹੀਂ। ਫਿਰ ਉਹ ਪੋਲੈਂਡ ਦੇ ਜ਼ੌਵ ਤੋਂ ਰੇਲਗੱਡੀ ਵਿੱਚ ਸਵਾਰ ਹੋ ਕੇ ਰਾਤ ਦੇ 10 ਘੰਟੇ ਦੇ ਸਫ਼ਰ ਤੋਂ ਬਾਅਦ ਕੀਵ ਪਹੁੰਚੇ।