ਇਸਲਾਮਾਬਾਦ, 3 ਜਨਵਰੀ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੁਲਕ 19ਵੀਂ ਸਾਰਕ ਸਿਖਰ ਵਾਰਤਾ ਦੀ ਮੇਜ਼ਬਾਨੀ ਲਈ ਤਿਆਰ ਹੈ ਅਤੇ ਜੇਕਰ ਨਵੀਂ ਦਿੱਲੀ ‘ਚ ਬੈਠੀ ਲੀਡਰਸ਼ਿਪ ਇਸਲਾਮਾਬਾਦ ਫੇਰੀ ਦੀ ਖਾਹਿਸ਼ਮੰਦ ਨਹੀਂ ਹੈ ਤਾਂ ਭਾਰਤ ਵਰਚੁਅਲ ਰੂਪ ‘ਚ ਇਸ ਵਾਰਤਾ ਵਿੱਚ ਸ਼ਾਮਲ ਹੋ ਸਕਦਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਪਿਛਲੇ ਸਾਲ (2021) ਵਿੱਚ ਕੀਤੀਆਂ ਪ੍ਰਾਪਤੀਆਂ ਗਿਣਾਉਣ ਲਈ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁਰੈਸ਼ੀ ਨੇ ਦੋਸ਼ ਲਾਇਆ ਕਿ ਭਾਰਤ ਨੇ ਸਿਖਰ ਵਾਰਤਾ ਲਈ ਇਸਲਾਮਾਬਾਦ ਨਾ ਆਉਣ ਦੇ ਆਪਣੇ ਹੱਠੀ ਰਵੱਈਏ ਕਰਕੇ ਸਾਰਕ ਨੂੰ ‘ਸਫ਼ੇਦ ਹਾਥੀ’ ਬਣਾ ਛੱਡਿਆ ਹੈ।
ਕੁਰੈਸ਼ੀ ਨੇ ਕਿਹਾ, ”ਮੈਂ 19ਵੀਂ ਸਿਖਰ ਵਾਰਤਾ ਲਈ ਸੱਦੇ ਨੂੰ ਦੁਹਰਾਉਂਦਾ ਹਾਂ। ਭਾਰਤ ਜੇਕਰ ਇਸਲਾਮਾਬਾਦ ਆਉਣ ਲਈ ਤਿਆਰ ਨਹੀਂ ਤਾਂ ਉਹ ਵਾਰਤਾ ਵਿੱਚ ਵਰਚੁਅਲੀ ਸ਼ਾਮਲ ਹੋ ਸਕਦਾ ਹੈ…ਪਰ ਉਹ ਹੋਰਨਾਂ ਮੈਂਬਰ ਮੁਲਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਤੋਂ ਨਾ ਡੱਕੇ।” ਦੱਸਣਾ ਬਣਦਾ ਹੈ ਕਿ ਇਸਲਾਮਾਬਾਦ ਨੇ ਸਾਲ 2016 ਵਿੱਚ 15-19 ਨਵੰਬਰ ਤੱਕ ਸਾਰਕ ਸਿਖਰ ਵਾਰਤਾ ਦੀ ਮੇਜ਼ਬਾਨੀ ਕਰਨੀ ਸੀ, ਪਰ ਉਸੇ ਸਾਲ 18 ਸਤੰਬਰ ਨੂੰ ਜੰਮੂ ਕਸ਼ਮੀਰ ਦੇ ਉੜੀ ਵਿੱਚ ਭਾਰਤੀ ਫੌਜ ਦੇ ਕੈਂਪ ‘ਤੇ ਦਹਿਸ਼ਤੀ ਹਮਲੇ ਮਗਰੋਂ ਭਾਰਤ ਨੇ ‘ਮੌਜੂਦਾ ਹਾਲਾਤ’ ਦੇ ਹਵਾਲੇ ਨਾਲ ਵਾਰਤਾ ਵਿੱਚ ਹਾਜ਼ਰੀ ਭਰਨ ਤੋਂ ਅਸਮਰੱਥਾ ਜਤਾਈ ਸੀ। ਇਸ ਮਗਰੋਂ ਬੰਗਲਾਦੇਸ਼, ਭੂਟਾਨ ਤੇ ਅਫ਼ਗ਼ਾਨਿਸਤਾਨ ਦੇ ਵੀ ਸਿਖਰ ਵਾਰਤਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਮਗਰੋਂ ਇਸ ਨੂੰ ਰੱਦ ਕਰਨਾ ਪਿਆ ਸੀ। ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ, ਭਾਰਤ ਸਮੇਤ ਆਪਣੇ ਸਾਰੇ ਗੁਆਂਢੀਆਂ ਨਾਲ ਸ਼ਾਂਤੀਪੂਰਵਕ ਰਿਸ਼ਤੇ ਚਾਹੁੰਦਾ ਹੈ, ਪਰ ਰਿਸ਼ਤਿਆਂ ‘ਚ ਸੁਧਾਰ ਦੀ ਜ਼ਿੰਮੇਵਾਰੀ ਭਾਰਤ ਸਿਰ ਹੈ। -ਪੀਟੀਆਈ