ਬਰਲਿਨ, 2 ਮਾਰਚ
ਜਰਮਨੀ ਦੇ ਫਰੈਂਕਫਰਟ ਤੋਂ ਅੱਜ ਮਾਰੀਸ਼ਸ ਜਾ ਰਿਹਾ ਇੱਕ ਜਹਾਜ਼ ਤੂਫਾਨ ਵਿੱਚ ਫਸਣ ਕਾਰਨ ਉਸ ਵਿੱਚ ਸਵਾਰ ਕਈ ਯਾਤਰੀ ਜ਼ਖ਼ਮੀ ਹੋ ਗੲੇ। ਜਰਮਨ ਨਿਊਜ਼ ਏਜੰਸੀ ‘ਡੀਪੀਏ’ ਨੇ ਇਹ ਖ਼ਬਰ ਦਿੱਤੀ। ਏਅਰਲਾਈਨ ਦੇ ਤਰਜਮਾਨ ਨੇ ਡੀਪੀਏ ਨੂੰ ਦੱਸਿਆ ਕਿ ਉੱਤਰਨ ਤੋਂ ਲਗਪਗ ਦੋ ਘੰਟੇ ਪਹਿਲਾਂ ਜਹਾਜ਼ ਤੂਫ਼ਾਨ ਵਿੱਚ ਫਸ ਗਿਆ ਸੀ ਜਿਸ ਨਾਲ ਕੌਂਡੋਰ ਉਡਾਣ ਡੀਈ2314 ਦੇ ਲਗਪਗ 20 ਯਾਤਰੀ ਅਤੇ ਚਾਲਕ ਅਮਲੇ ਦੇ ਮੈਂਬਰ ਜ਼ਖ਼ਮੀ ਹੋ ਗਏ। ਮਾਰੀਸ਼ਸ ਇੱਕ ਦੀਪਸਮੂਹ ਦੇਸ਼ ਹੈ ਜਿਸ ਦੀ ਮੁੱਖ ਭੂਮੀ ਅਫਰੀਕਾ ਦੇ ਦੱਖਣੀ ਪੂਰਬੀ ਤੱਟ ਤੋਂ ਲਗਪਗ 1200 ਮੀਲ ਦੂਰ ਹੈ। ਏਅਰਲਾਈਨ ਦੇ ਤਰਜਮਾਨ ਨੇ ਦੱਸਿਆ ਕਿ ਜ਼ਖਮੀਆਂ ਦੀ ਮੈਡੀਕਲ ਜਾਂਚ ਚੱਲ ਰਹੀ ਹੈ। ਡੀਪੀਏ ਦੀ ਖਬਰ ਮੁਤਾਬਕ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜ਼ਖ਼ਮੀਆਂ ਦੀਆਂ ਸੱਟਾਂ ਕਿੰਨੀਆਂ ਗੰਭੀਰ ਹਨ। ਮੰਨਿਆ ਜਾ ਰਿਹਾ ਹੈ ਕਿ ਜਹਾਜ਼ ਦੇ ਕੈਬਿਨ ਨੂੰ ਵੀ ਨੁਕਸਾਨ ਪਹੁੰਚਿਆ ਹੈ ਪਰ ਉਸ ਬਾਰੇ ਕੋਈ ਤਫ਼ਸੀਲ ਨਹੀ ਦਿੱਤੀ ਗਈ। ਜਹਾਜ਼ ਵਿੱਚ 272 ਯਾਤਰੀ ਅਤੇ ਚਾਲਕ ਅਮਲੇ ਦੇ 13 ਮੈਂਬਰ ਸਵਾਰ ਸਨ। ਇਹ ਜਹਾਜ਼ ਸਥਾਨਕ ਸਮੇਂ ਮੁਤਾਬਕ ਸਵੇਰੇ 6.29 ਵਜੇ ਮਾਰੀਸ਼ਸ਼ ਦੀ ਰਾਜਧਾਨੀ ਪੋਰਟ ਲੂਈਸ ਨੇੜੇ ਇੱਕ ਹਵਾਈ ਅੱਡੇ ‘ਤੇ ਸੁਰੱਖਿਅਤ ਉੱਤਰਿਆ। -ਏਪੀ