ਨਵੀਂ ਦਿੱਲੀ/ਰਾਂਚੀ, 3 ਮਾਰਚ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਈਏਐੱਸ ਅਧਿਕਾਰੀ ਪੂਜਾ ਸਿੰਘਲ ਅਤੇ ਹੋਰਾਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਛਾਪੇ ਦੌਰਾਨ ਤਿੰਨ ਕਰੋੜ ਦੀ ਨਕਦੀ ਜ਼ਬਤ ਕੀਤੀ। ਮੁਹੰਮਦ ਈ. ਅੰਸਾਰੀ ਦੇ ਘਰੋਂ 500 ਅਤੇ 2000 ਰੁਪਏ ਦੇ ਵੱਡੇ ਨੋਟਾਂ ਦੇ ਕੁਝ ਬੰਡਲ ਜ਼ਬਤ ਕੀਤੇ ਗਏ ਹਨ। ਸਿੰਘਲ ਖ਼ਿਲਾਫ਼ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਦੇ ਸਬੰਧ ‘ਚ ਛਾਪੇਮਾਰੀ ਦੌਰਾਨ ਏਜੰਸੀ ਨੇ ਇਹ ਨਕਦੀ ਬਰਾਮਦ ਕੀਤੀ ਸੀ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ ਸਾਲ 11 ਮਈ ਨੂੰ 2000 ਬੈਚ ਦੀ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਅਧਿਕਾਰੀ ਪੂਜਾ ਸਿੰਘਲ ਨੂੰ ਮਨਰੇਗਾ ਸਕੀਮ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।