ਸ਼ਿਮਲਾ: ਹਿਮਾਚਲ ਪ੍ਰਦੇਸ਼ ਸਰਕਾਰ ਨੇ ਅਜਿਹੇ 286 ਪ੍ਰਾਇਮਰੀ ਤੇ ਮਿਡਲ ਸਕੂਲ ਡੀਨੋਟੀਫਾਈ ਕੀਤੇ ਜਿਨ੍ਹਾਂ ਵਿੱਚ ਇੱਕ ਵੀ ਵਿਦਿਆਰਥੀ ਦਾਖਲ ਨਹੀਂ ਹੈ ਅਤੇ ਇਨ੍ਹਾਂ ਸਕੂਲਾਂ ਦਾ ਟੀਚਿੰਗ ਤੇ ਨਾਨ-ਟੀਚਿੰਗ ਅਮਲਾ ਉਨ੍ਹਾਂ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇਗਾ ਜਿਹੜੇ ਸਟਾਫ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਸਿੱਖਿਆ ਮੰਤਰੀ ਰੋਹਿਤ ਠਾਕੁਰ ਨੇ ਇੱੱਥੇ ਪੱਤਰਕਾਰਾਂ ਨੂੰ ਦੱਸਿਆ, ”ਸੂਬੇ ਵਿੱਚ ਲਗਪਗ 3000 ਸਕੂਲ ਸਿਰਫ ਇੱਕ-ਇੱਕ ਅਧਿਆਪਕ ਨਾਲ ਚੱਲ ਰਹੇ ਹਨ ਅਤੇ 455 ਡੈਪੂਟੇਸ਼ਨ ਆਧਾਰ ‘ਤੇ (ਅਧਿਆਪਕਾਂ ਨਾਲ) ਚੱਲ ਰਹੇ ਹਨ ਜਦਕਿ ਅਧਿਆਪਕਾਂ ਦੀਆਂ 12 ਹਜ਼ਾਰ ਅਸਾਮੀਆਂ ਖਾਲੀ ਹਨ।” ਹਿਮਾਚਲ ਪ੍ਰਦੇਸ਼ ਵਿੱਚ 15,313 ਸਰਕਾਰੀ ਸਕੂਲ ਹਨ। ਠਾਕੁਰ ਨੇ ਕਿਹਾ, ”ਸਕੂਲਾਂ ਅਤੇ ਕਾਲਜਾਂ ਲਈ ਇੱਕ ਨਿਰਧਾਰਤ ਪੈਮਾਨੇ ਦੀ ਪਾਲਣਾ ਕੀਤੀ ਜਾਵੇਗੀ। ਪ੍ਰਾਇਮਰੀ ਸਕੂਲਾਂ ਲਈ ਘੱਟੋ ਘੱਟ 10 ਵਿਦਿਆਰਥੀ, ਮਿਡਲ ਲਈ 15, ਹਾਈ ਲਈ 20, ਸੀਨੀਅਰ ਸੈਕੰਡਰੀ ਲਈ 25 ਅਤੇ ਕਾਲਜਾਂ ਲਈ 65 ਵਿਦਿਆਰਥੀਆਂ ਦਾ ਪੈਮਾਨਾ ਪੂਰਾ ਨਾ ਕਰਨ ਵਾਲੇ ਸਕੂਲਾਂ ਤੇ ਅਤੇ ਕਾਲਜਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਨਿਰਧਾਰਤ ਪੈਮਾਨਾ ਕੌਮੀ ਮਾਨਕਾਂ ਤੋਂ ਘੱਟ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਔਖੇ ਇਲਾਕਿਆਂ ਵਾਲੇ ਪਹਾੜੀ ਸੂਬਾ ਹੈ। ਉਨ੍ਹਾਂ ਕਿਹਾ ਕਿ ਅਗਲਾ ਕਦਮ ਅਧਿਆਪਕਾਂ ਦੀ ਤਰਕਸੰਗਤ ਤਾਇਨਾਤੀ ਹੋਵੇਗੀ। -ਪੀਟੀਆਈ