ਕੀਵ, 6 ਮਾਰਚ
ਰੂਸ ਨੇ ਪੂਰਬੀ ਯੂਕਰੇਨ ਦੇ ਅਹਿਮ ਸ਼ਹਿਰ ਬਖਮੁਤ ‘ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਉਂਜ ਬਖਮੁਤ ਦਾ ਭਵਿੱਖ ਅੱਧ ਵਿਚਾਲੇ ਲਟਕਿਆ ਹੋਇਆ ਹੈ ਪਰ ਯੂਕਰੇਨੀ ਫ਼ੌਜ ਅਜੇ ਵੀ ਰੂਸ ਨੂੰ ਸਖ਼ਤ ਟੱਕਰ ਦੇ ਰਹੀ ਹੈ। ਰੂਸ ਨੇ ਦੋਨੇਤਸਕ ਖ਼ਿੱਤੇ ਦੇ ਸ਼ਹਿਰ ਅਤੇ ਨੇੜਲੇ ਪਿੰਡਾਂ ਨੂੰ ਨਿਸ਼ਾਨਾ ਬਣਾਉਂਦਿਆਂ ਭਾਰੀ ਗੋਲਾਬਾਰੀ ਕੀਤੀ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਦੇ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਫ਼ੌਜ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ‘ਚ ਯੂਕਰੇਨੀ ਟਿਕਾਣਿਆਂ ਨੂੰ ਮਜ਼ਬੂਤ ਕਰਨ ਦੀ ਵਕਾਲਤ ਕੀਤੀ ਗਈ। ਦੋਨੇਤਸਕ ਦੇ ਗਵਰਨਰ ਪਾਵਲੋ ਕਿਰੀਲੇਂਕੋ ਨੇ ਕਿਹਾ ਕਿ ਆਮ ਨਾਗਰਿਕ ਰੂਸੀ ਗੋਲਾਬਾਰੀ ਤੋਂ ਬਚਣ ਲਈ ਖ਼ਿੱਤਾ ਛੱਡ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰੂਸ ਵੱਲੋਂ ਖ਼ਿੱਤੇ ‘ਚ ਵਾਧੂ ਫ਼ੌਜ ਅਤੇ ਹਥਿਆਰ ਤਾਇਨਾਤ ਕੀਤੇ ਜਾ ਰਹੇ ਹਨ। ਮਾਹਿਰਾਂ ਮੁਤਾਬਕ ਬਖਮੁਤ ਦੀ ਰਣਨੀਤਕ ਤੌਰ ‘ਤੇ ਕੋਈ ਅਹਿਮੀਅਤ ਨਹੀਂ ਹੈ ਅਤੇ ਸ਼ਹਿਰ ‘ਤੇ ਰੂਸ ਵੱਲੋਂ ਕਬਜ਼ਾ ਕੀਤੇ ਜਾਣ ਨਾਲ ਜੰਗ ‘ਚ ਕੋਈ ਵੱਡਾ ਫਰਕ ਨਹੀਂ ਪਵੇਗਾ।
ਉਂਜ ਸ਼ਹਿਰ ‘ਤੇ ਕਬਜ਼ੇ ਨਾਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਮਾਨਸਿਕ ਤੌਰ ‘ਤੇ ਕੁਝ ਰਾਹਤ ਜ਼ਰੂਰ ਮਿਲੇਗੀ। ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਆਪਣੇ ਜਾਰਡਨ ਦੌਰੇ ਦੌਰਾਨ ਕਿਹਾ ਕਿ ਬਖਮੁਤ ‘ਤੇ ਜਿਤ ਨਾਲ ਰੂਸ ਨੂੰ ਕੋਈ ਲਾਭ ਨਹੀਂ ਹੋਣਾ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਪੱਛਮੀ ਮੁਲਕਾਂ ਦੀ ਫ਼ੌਜ ਦੀ ਸਹਾਇਤਾ ਰਾਹੀਂ ਪੂਰੇ ਠਰ੍ਹੰਮੇ ਨਾਲ ਤਾਕਤ ਵਧਾ ਰਿਹਾ ਹੈ ਜਦਕਿ ਰੂਸ ਗ਼ੈਰ ਸਿਖਲਾਈ ਪ੍ਰਾਪਤ ਫ਼ੌਜ ਬਖਮੁਤ ‘ਚ ਭੇਜ ਰਿਹਾ ਹੈ। ਕੁਝ ਮਾਹਿਰਾਂ ਨੇ ਯੂਕਰੇਨ ਵੱਲੋਂ ਲੰਬੇ ਸਮੇਂ ਤੱਕ ਬਖਮੁਤ ‘ਚ ਡੇਰੇ ਲਾਉਣ ‘ਤੇ ਵੀ ਹੈਰਾਨੀ ਜਤਾਈ। ਬੀਤੇ ਕੁਝ ਦਿਨਾਂ ਦੌਰਾਨ ਯੂਕਰੇਨੀ ਫ਼ੌਜ ਨੇ ਬਖਮੁਤ ਦੇ ਬਾਹਰਵਾਰ ਦੋ ਅਹਿਮ ਪੁਲ ਨਸ਼ਟ ਕਰ ਦਿੱਤੇ ਤਾਂ ਜੋ ਰੂਸੀ ਹਮਲੇ ਨੂੰ ਥੋੜੀ ਠੱਲ੍ਹ ਪਾਈ ਜਾ ਸਕੇ। -ਏਪੀ