ਵਿਲਮਿੰਗਟਨ/ਨਵੀਂ ਦਿੱਲੀ, 12 ਮਾਰਚ
ਅਮਰੀਕਾ ਦੀ ਵਿੱਤ ਮੰਤਰੀ ਜੈਨੈੱਟ ਯੈਲੇਨ ਨੇ ਅੱਜ ਕਿਹਾ ਕਿ ਸਰਕਾਰ ਸਿਲੀਕਾਨ ਵੈੱਲੀ ਬੈਂਕ (ਐੱਸਵੀਬੀ) ਨੂੰ ਕੋਈ ਰਾਹਤ ਨਹੀਂ ਦੇਵੇਗੀ। ਹਾਲਾਂਕਿ ਉਨ੍ਹਾਂ ਆਖਿਆ ਕਿ ਸਰਕਾਰ ਆਪਣੇ ਧਨ ਨੂੰ ਲੈ ਕੇ ਫ਼ਿਕਰਮੰਦ ਜਮ੍ਹਾਂਕਰਤਾਵਾਂ ਦੀ ਮਦਦ ਲਈ ਯਤਨਸ਼ੀਲ ਹੈ। ਦੱਸਣਯੋਗ ਹੈ ਕਿ ਅਮਰੀਕਾ ਦੇ ਵੱਡੇ ਬੈਂਕਾਂ ਵਿੱਚ ਸ਼ੁਮਾਰ ਸਿਲੀਕਾਲ ਵੈੱਲੀ ਬੈਂਕ ਡੁੱਬ ਗਿਆ ਹੈ ਤੇ ਬੈਂਕ ਦੇ ਦੀਵਾਲੀਆ ਹੋਣ ਤੋਂ ਬਾਅਦ ਇਸ ਦੀ ਸੰਪਤੀ ਜ਼ਬਤ ਕਰ ਲਈ ਗਈ ਹੈ। ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ (ਐੱਫਡੀਆਈਸੀ) 2,50,000 ਡਾਲਰ ਤੱਕ ਦੀ ਜਮ੍ਹਾਂ ਰਾਸ਼ੀ ਦਾ ਬੀਮਾ ਕਰਦੀ ਹੈ ਪਰ ਕਈ ਕੰਪਨੀਆਂ ਅਤੇ ਅਮੀਰ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਇਸ ਤੋਂ ਵੱਧ ਰਕਮ ਹੈ। ਅਜਿਹੇ ਵਿੱਚ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਦੇਸ਼ ਵਿੱਚ ਕੁਝ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਤਨਖ਼ਾਹ ਨਹੀਂ ਮਿਲੇਗੀ।
ਯੈਲੇਨ ਨੇ ‘ਫੇਸ ਦਿ ਨੇਸ਼ਨ’ ਨਾਲ ਇੱਕ ਇੰਟਰਵਿਊ ਵਿੱਚ ਸਰਕਾਰ ਦੇ ਅਗਲੇ ਕਦਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸਥਿਤੀ ਲੱਗਪਗ 15 ਸਾਲ ਪਹਿਲਾਂ ਦੇ ਵਿੱਤੀ ਸੰਕਟ ਤੋਂ ਵੱਖਰੀ ਹੈ, ਜਦੋਂ ਉਦਯੋਗ ਬਚਾਉਣ ਲਈ ਬੈਂਕ ਨੂੰ ਰਾਹਤ ਦਿੱਤੀ ਗਈ ਸੀ। ਵਿੱਤੀ ਮੰਤਰੀ ਨੇ ਕਿਹਾ, ”ਅਮਰੀਕੀ ਬੈਂਕਿੰਗ ਪ੍ਰਣਾਲੀ ਅਸਲ ਵਿੱਚ ਬਹੁਤ ਸੁਰੱਖਿਅਤ ਅਤੇ ਚੰਗੀ ਤਰ੍ਹਾਂ ਰਜਿਸਟਰਡ ਹੈ। ਇਹ ਲਚਕਦਾਰ ਹੈ।” ਜ਼ਿਕਰਯੋਗ ਹੈ ਕਿ ਅਮਰੀਕਾ ਦੀ 16ਵੀਂ ਸਭ ਤੋਂ ਵੱਡੀ ਸਿਲੀਕਾਨ ਵੈੱਲੀ ਬੈਂਕ ਬੰਦ ਹੋਣ ਨਾਲ ਅਮਰੀਕੀ ਬੈਂਕਿੰਗ ਸੈਕਟਰ ਮੁਸ਼ਕਲਾਂ ‘ਚ ਘਿਰ ਗਿਆ ਹੈ ਅਤੇ ਦੁਨੀਆ ਭਰ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। -ਏਪੀ