ਵਾਸ਼ਿੰਗਟਨ, 14 ਮਾਰਚ
ਅਮਰੀਕਾ ਵਿੱਚ 2021 ਵਿੱਚ ਨਫ਼ਰਤੀ ਅਪਰਾਧ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਅਮਰੀਕਾ ਦੇ ਨਿਆਂ ਵਿਭਾਗ ਦੀ ਸੰਘੀ ਏਜੰਸੀ ਐੱਫਬੀਆਈ ਨੇ ਦਿੱਤੀ। ਏਜੰਸੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਜਿਹੇ ਮਾਮਲਿਆਂ ‘ਚ 12 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਪਿਛਲੀ ਅਧੂਰੀ ਰਿਪੋਰਟ ‘ਚ ਕਿਹਾ ਗਿਆ ਸੀ ਕਿ ਮਾਮਲਿਆਂ ‘ਚ ਕਮੀ ਆਈ ਹੈ। ਹਾਲਾਂਕਿ ਰਿਪੋਰਟ ਵਿੱਚ ਨਿਊਯਾਰਕ ਅਤੇ ਲਾਸ ਏਂਜਲਸ ਸਮੇਤ ਦੇਸ਼ ਦੇ ਕੁਝ ਵੱਡੇ ਸ਼ਹਿਰਾਂ ਦੇ ਅੰਕੜੇ ਨਹੀਂ ਸਨ। ਐੱਫਬੀਆਈ ਦੀ ਰਿਪੋਰਟ ਅਨੁਸਾਰ 64.5 ਫ਼ੀਸਦ ਪੀੜਤਾਂ ਨੂੰ ਉਨ੍ਹਾਂ ਦੀ ਨਸਲ, ਫਿਰਕੇ ਤੇ ਵੰਸ਼ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ। 16 ਫ਼ੀਸਦ ਨੂੰ ਜਿਨਸੀ ਕਾਰਨ ਅਤੇ 14 ਫੀਸਦ ਨੂੰ ਧਾਰਮਿਕ ਪੱਖਪਾਤ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ। ਨਫਰਤ ਦੇ ਆਧਾਰ ‘ਤੇ ਕਤਲ ਦੇ 18 ਮਾਮਲੇ ਦਰਜ ਸਨ।