ਮੁੰਬਈ, 16 ਮਾਰਚ
ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਮੁੰਬਈ ਵੱਲ ਮਾਰਚ ਕਰ ਰਹੇ ਹਜ਼ਾਰਾਂ ਕਿਸਾਨਾਂ ਅਤੇ ਕਬਾਇਲੀਆਂ ਦੀ ਨੁਮਾਇੰਦਗੀ ਕਰਨ ਵਾਲੇ ਵਫ਼ਦ ਨਾਲ ਅੱਜ ਮਹਾਰਾਸ਼ਟਰ ਸਰਕਾਰ ਗੱਲਬਾਤ ਦਾ ਹੋਰ ਦੌਰ ਚਲਾਏਗੀ। ਇਹ ਜਾਣਕਾਰੀ ਮਾਰਚ ਦੀ ਅਗਵਾਈ ਕਰ ਰਹੇ ਸਾਬਕਾ ਵਿਧਾਇਕ ਜੀਵਾ ਗਾਵਿਤ ਨੇ ਦਿੱਤੀ। ਉੱਤਰੀ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਤੋਂ ਮੁੰਬਈ ਵੱਲ ਵਧ ਰਹੇ ਕਿਸਾਨਾਂ ਅਤੇ ਆਦਿਵਾਸੀਆਂ ਦੇ ਠਾਣੇ ‘ਚ ਦਾਖਲ ਹੋਣ ਤੋਂ ਬਾਅਦ ਬੁੱਧਵਾਰ ਦੇਰ ਰਾਤ ਮੰਤਰੀ ਦਾਦਾ ਭੂਸੇ ਅਤੇ ਅਤੁਲ ਸੇਵ ਨੇ ਕਿਸਾਨਾਂ ਦੇ ਵਫਦ ਨਾਲ ਮੁਲਾਕਾਤ ਕੀਤੀ ਸੀ। ਇਨ੍ਹਾਂ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਐਤਵਾਰ ਨੂੰ ਮੁੰਬਈ ਤੋਂ 200 ਕਿਲੋਮੀਟਰ ਦੂਰ ਨਾਸਿਕ ਜ਼ਿਲ੍ਹੇ ਦੇ ਡਿੰਡੋਰੀ ਸ਼ਹਿਰ ਤੋਂ ਆਪਣੀ ਪਦਯਾਤਰਾ ਸ਼ੁਰੂ ਕੀਤੀ। ਉਨ੍ਹਾਂ ਦੀਆਂ ਮੰਗਾਂ ਵਿੱਚ ਪਿਆਜ਼ ਦੇ ਕਿਸਾਨਾਂ ਨੂੰ 600 ਰੁਪਏ ਪ੍ਰਤੀ ਕੁਇੰਟਲ ਦੀ ਤੁਰੰਤ ਵਿੱਤੀ ਰਾਹਤ, 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣਾ ਅਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਸ਼ਾਮਲ ਹੈ।