ਪੈਰਿਸ, 23 ਮਾਰਚ
ਫਰਾਂਸ ਵਿੱਚ ਸੇਵਾਮੁਕਤੀ ਦੀ ਉਮਰ ਵਧਾਉਣ ਖ਼ਿਲਾਫ਼ ਅੱਜ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੂੰ ਦੇਸ਼ ਦੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਮਜ਼ਦੂਰ ਯੂਨੀਅਨਾਂ ਦੀ ਹੜਤਾਲ ਕਾਰਨ ਦੇਸ਼ ਵਿੱਚ ਰੇਲ ਤੇ ਹਵਾਈ ਸੇਵਾਵਾਂ ਠੱਪ ਰਹੀਆਂ। ਪੈਨਸ਼ਨ ਸੁਧਾਰ ਬਿੱਲ ਲਿਆਂਦੇ ਜਾਣ ਮਗਰੋਂ ਦੇਸ਼ ਵਿੱਚ ਇਹ ਸਭ ਤੋਂ ਵੱਡਾ ਰੋਸ ਪ੍ਰਦਰਸ਼ਨ ਹੈ। ਪ੍ਰਦਰਸ਼ਨਕਾਰੀਆਂ ਨੇ ਰੇਲਵੇ ਸਟੇਸ਼ਨਾਂ, ਪੈਰਿਸ ਵਿੱਚ ਚਾਰਲਸ ਡਿ ਗੌਲ ਹਵਾਈ ਅੱਡੇ ਅਤੇ ਰਿਫਾਈਨਰੀਆਂ ਨੂੰ ਬੰਦ ਕਰ ਦਿੱਤਾ। ਵੱਡੇ ਸ਼ਹਿਰਾਂ ਵਿੱਚ ਵੀ ਰੇਲ ਗੱਡੀਆਂ, ਪੈਰਿਸ ਮੈਟਰੋ ਅਤੇ ਜਨਤਕ ਆਵਾਜਾਈ ਪ੍ਰਭਾਵਿਤ ਹੋਈ। ਪ੍ਰਦਰਸ਼ਨ ਕਾਰਨ ਪੈਰਿਸ ਓਰਲੀ ਹਵਾਈ ਅੱਡੇ ਤੋਂ ਲਗਪਗ 30 ਉਡਾਣਾਂ ਨੂੰ ਰੱਦ ਕਰਨਾ ਪਿਆ। ਫਰਾਂਸ ਦੀਆਂ ਮੁੱਖ ਅੱਠ ਯੂਨੀਅਨਾਂ ਨੇ ਜਨਵਰੀ ਮਹੀਨੇ ਤੋਂ ਹੜਤਾਲ ਦਾ ਸੱਦਾ ਦਿੱਤਾ ਹੋਇਆ ਸੀ ਅਤੇ ਦੇਸ਼ ਪੱਧਰੀ ਪ੍ਰਦਰਸ਼ਨਾਂ ਦਾ ਅੱਜ ਨੌਵਾਂ ਦਿਨ ਸੀ। ਪੈਨਸ਼ਨ ਸੁਧਾਰ ਅਤੇ ਮੈਕਰੋਂ ਦੀ ਲੀਡਰਸ਼ਿਪ ਖ਼ਿਲਾਫ਼ ਹਾਲ ਦੇ ਦਿਨਾਂ ਵਿੱਚ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਫਰਾਂਸ ਦੀਆਂ ਸੜਕਾਂ ‘ਤੇ ਉਤਰੇ ਪ੍ਰਦਰਸ਼ਨਕਾਰੀਆਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਸੱਤਾਧਾਰੀ ਆਗੂ ਦਾਅਵਾ ਕਰ ਰਹੇ ਹਨ ਕਿ ਸੇਵਾਮੁਕਤੀ ਦੀ ਉਮਰ 62 ਤੋਂ 64 ਕਰਨ ਸਬੰਧੀ ਸਰਕਾਰ ਦੇ ਬਿੱਲ ਨੂੰ ਸਾਲ ਦੇ ਅਖ਼ੀਰ ਤੱਕ ਲਾਗੂ ਕੀਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਲਿਲੀ, ਟਾਊਲੂਜ਼ ਅਤੇ ਲਿਓਨ ਸ਼ਹਿਰਾਂ ਦੀ ਆਵਾਜਾਈ ਰੋਕਣ ਲਈ ਮੁੱਖ ਮਾਰਗ ਜਾਮ ਕਰ ਦਿੱਤੇ। ਇਸੇ ਤਰ੍ਹਾਂ ਮਾਰਸ਼ੀਲੀ ਵਿੱਚ ਰੇਲ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਕਿਉਂਕਿ ਪ੍ਰਦਰਸ਼ਨਕਾਰੀ ਰੇਲ ਪੱਟੜੀ ‘ਤੇ ਬੈਠੇ ਸਨ। -ਏਪੀ