ਲਾਹੌਰ, 27 ਮਾਰਚ
ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਨੇਤਾ ਤੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਦੇਸ਼ ਦਾ ਦੁਸ਼ਮਨ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ (ਇਮਰਾਨ) ਦੇਸ਼ ਦੀ ਸਿਆਸਤ ਨੂੰ ਅਜਿਹੇ ਮੋੜ ‘ਤੇ ਲੈ ਆਏ ਹਨ, ਜਿਸ ਕਾਰਨ ਇਮਰਾਨ ਦੀ ਹੱਤਿਆ ਹੋਵੇਗੀ ਜਾਂ ਸਾਡੀ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਬਹੁਤ ਕਰੀਬੀ ਰਹੇ ਪੀਐੱਮਐੱਲ-ਐੱਨ ਦੇ ਸੀਨੀਅਰ ਨੇਤਾ ਦੀ ਟਿੱਪਣੀ ਨੇ ਸਿਆਸੀ ਹਲਕਿਆਂ ਖਾਸ ਤੌਰ ‘ਤੇ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ‘ਚ ਰੋਸ ਪੈਦਾ ਕਰ ਦਿੱਤਾ ਹੈ। ਖਾਨ ‘ਤੇ ਪਿਛਲੇ ਸਾਲ ਨਵੰਬਰ ਵਿਚ ਪੰਜਾਬ ਦੇ ਵਜ਼ੀਰਾਬਾਦ ਵਿਚ ਰੈਲੀ ਦੌਰਾਨ ਹਮਲਾ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ ਪਰ ਹਮਲੇ ਵਿਚ ਉਹ ਵਾਲ-ਵਾਲ ਬਚ ਗਏ ਸਨ। ਖਾਨ ਨੇ ਇਸ ਹਮਲੇ ਲਈ ਰਾਣਾ ਸਨਾਉੱਲ੍ਹਾ ਨੂੰ ਜ਼ਿੰਮੇਵਾਰ ਠਹਿਰਾਇਆ।