ਲੰਡਨ: ਬਰਤਾਨਵੀ ਸਿੱਖ ਫ਼ੌਜੀ ਅਫ਼ਸਰ ਤੇ ਫਿਜ਼ੀਓਥੈਰੇਪਿਸਟ ਕੈਪਟਨ ਹਰਪ੍ਰੀਤ ਚੰਦੀ ਦੱਖਣੀ ਧਰੁਵ ਤੱਕ ਬਿਨਾਂ ਕਿਸੇ ਮਦਦ ਇਕੱਲੀ ਚੱਲ ਕੇ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਬਣ ਗਈ ਹੈ। ‘ਪੋਲਰ ਪ੍ਰੀਤ’ ਵਜੋਂ ਜਾਣੀ ਜਾਂਦੀ ਹਰਪ੍ਰੀਤ ਨੇ ਅਜਿਹਾ ਕਰ ਕੇ ਇਤਿਹਾਸ ਬਣਾ ਦਿੱਤਾ ਹੈ। ਇਹ ਪ੍ਰਾਪਤੀ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਹੀ ਨਹੀਂ ਬਲਕਿ ਪਹਿਲੀ ਸਾਂਵਲੀ ਮਹਿਲਾ ਵੀ ਹੈ। ਚੰਦੀ ਨੇ ਸੋਮਵਾਰ ਆਪਣੇ ਲਾਈਵ ਬਲੌਗ ਤੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਉਸ ਨੇ 40 ਦਿਨਾਂ ਵਿਚ ਕਰੀਬ 700 ਮੀਲ (1,127) ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਰਾਹ ਵਿਚ ਉਸ ਨੂੰ ਮਨਫ਼ੀ 50 ਡਿਗਰੀ ਤਾਪਮਾਨ ਤੇ 60 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀ ਹਵਾ ਦਾ ਸਾਹਮਣਾ ਵੀ ਕਰਨਾ ਪਿਆ। ਕੈਪਟਨ ਚੰਦੀ ਨੇ ਲਿਖਿਆ, ‘ਮੈਂ ਦੱਖਣੀ ਧਰੁਵ ਉਤੇ ਪਹੁੰਚ ਗਈ ਹਾਂ ਤੇ ਬਰਫ਼ ਪੈ ਰਹੀ ਹੈ। ਇਸ ਵੇਲੇ ਕਈ ਤਰ੍ਹਾਂ ਦੇ ਜਜ਼ਬਾਤ ਹਨ। ਮੈਂ ਧਰੁਵਾਂ ਦੇ ਇਸ ਖੇਤਰ ਬਾਰੇ ਤਿੰਨ ਸਾਲ ਪਹਿਲਾਂ ਤੱਕ ਕੁਝ ਨਹੀਂ ਜਾਣਦੀ ਸੀ ਤੇ ਇੱਥੇ ਪਹੁੰਚ ਕੇ ਸੁਪਨਾ ਸਾਕਾਰ ਹੋਣ ਵਾਂਗ ਲੱਗ ਰਿਹਾ ਹੈ। ਇੱਥੇ ਤੱਕ ਪਹੁੰਚਣਾ ਬਹੁਤ ਮੁਸ਼ਕਲ ਸੀ ਤੇ ਮੈਂ ਮਦਦ ਦੇਣ ਵਾਲੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ।’ ਚੰਦੀ ਨੇ ਆਪਣੇ ਟਰੈੱਕ ਦਾ ਲਾਈਵ ਮੈਪ ਵੀ ਅਪਲੋਡ ਕੀਤਾ ਹੈ ਤੇ ਉਹ ਨਾਲ ਦੀ ਨਾਲ ਬਲੌਗ ਵੀ ਲਿਖਦੀ ਰਹੀ ਹੈ। ਦੱਸਣਯੋਗ ਹੈ ਕਿ ਕੈਪਟਨ ਚੰਦੀ ਇੰਗਲੈਂਡ ਦੀ ਮੈਡੀਕਲ ਰੈਜੀਮੈਂਟ ਦਾ ਹਿੱਸਾ ਹੈ ਤੇ ਉਹ ਮੈਡੀਕਲ ਸਟਾਫ਼ ਨੂੰ ਸਿਖ਼ਲਾਈ ਦਿੰਦੀ ਹੈ। ਲੰਡਨ ਵਿਚ ਉਹ ਕੁਈਨ ਮੈਰੀ ਯੂਨੀਵਰਸਿਟੀ ਤੋਂ ਖੇਡ ਤੇ ਅਭਿਆਸ ਮੈਡੀਸਨ ਵਿਚ ਮਾਸਟਰਜ਼ (ਪਾਰਟ ਟਾਈਮ) ਵੀ ਕਰ ਰਹੀ ਹੈ। ਦੱਖਣੀ ਧਰੁਵ ਦੀ ਯਾਤਰਾ ਲਈ ਨਿਕਲਣ ਤੋਂ ਪਹਿਲਾਂ ਉਸ ਨੇ ਵਿਸ਼ੇਸ਼ ਸਿਖ਼ਲਾਈ ਵੀ ਲਈ ਸੀ। ਫ਼ੌਜੀ ਅਧਿਕਾਰੀ ਵਜੋਂ ਉਹ ਨੇਪਾਲ, ਕੀਨੀਆ ਤੇ ਸੂਡਾਨ ਵਿਚ ਤਾਇਨਾਤ ਰਹਿ ਚੁੱਕੀ ਹੈ। ਉਹ ਕਈ ਮੈਰਾਥਨ ਵੀ ਦੌੜੀ ਹੈ। -ਪੀਟੀਆਈ