ਵਾਸ਼ਿੰਗਟਨ, 1 ਅਪਰੈਲ
ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੇ ਚੋਣ ਪ੍ਰਚਾਰ ਦੌਰਾਨ 2016 ‘ਚ ਇਕ ਪੋਰਨ ਸਟਾਰ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦੇ ਮਾਮਲੇ ‘ਚ ਡੋਨਲਡ ਟਰੰਪ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੇ ਜਾਣ ਮਗਰੋਂ ਸਾਬਕਾ ਰਾਸ਼ਟਰਪਤੀ ਨੇ 24 ਘੰਟਿਆਂ ‘ਚ 40 ਲੱਖ ਡਾਲਰ ਤੋਂ ਵਧ ਦੀ ਰਕਮ ਇਕੱਤਰ ਕੀਤੀ ਹੈ। ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਲਈ ਇਸ ‘ਚੋਂ 25 ਫ਼ੀਸਦ ਤੋਂ ਵਧ ਰਕਮ ਉਸ ਨੂੰ ਪਹਿਲੀ ਵਾਰ ਦਾਨ ਦੇਣ ਵਾਲੇ ਲੋਕਾਂ ਨੇ ਦਿੱਤੀ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਸਾਰੇ 50 ਸੂੁਬਿਆਂ ਦੇ ਅਮਰੀਕੀਆਂ ਨੇ ਪਹਿਲੇ ਪੰਜ ਘੰਟਿਆਂ ਦੌਰਾਨ ਹੀ ਟਰੰਪ ਨੂੰ ਦਾਨ ਦੇ ਦਿੱਤਾ ਸੀ। ਇਸ ਨਾਲ ਰਾਸ਼ਟਰਪਤੀ ਅਹੁਦੇ ਦੀ ਚੋਣ ‘ਚ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਦੀ ਟਰੰਪ ਦੀ ਦਾਅਵੇਦਾਰੀ ਨੂੰ ਤਾਕਤ ਮਿਲੀ ਹੈ। ਟਰੰਪ ਅਮਰੀਕਾ ‘ਚ 2024 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਦੀ ਦੌੜ ‘ਚ ਸ਼ਾਮਲ ਦਾਅਵੇਦਾਰਾਂ ‘ਚੋਂ ਸਭ ਤੋਂ ਅੱਗੇ ਹਨ। ਅਮਰੀਕੀ ਕਾਨੂੰਨ ‘ਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਜੋ ਦੋਸ਼ੀ ਪਾਏ ਜਾਣ ‘ਤੇ ਕਿਸੇ ਉਮੀਦਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਪ੍ਰਚਾਰ ਕਰਨ ਜਾਂ ਰਾਸ਼ਟਰਪਤੀ ਵਜੋਂ ਸੇਵਾਵਾਂ ਦੇਣ ਤੋਂ ਰੋਕਦਾ ਹੋਵੇ। ਪ੍ਰਤੀਨਿਧ ਸਭਾ ‘ਚ ਟਰੰਪ ਖ਼ਿਲਾਫ਼ ਦੋ ਵਾਰ ਮਹਾ ਦੋਸ਼ ਚਲਾਇਆ ਗਿਆ ਸੀ ਅਤੇ ਦੋਵੇਂ ਵਾਰ ਸੈਨੇਟ ਨੇ ਉਸ ਨੂੰ ਬਰੀ ਕਰ ਦਿੱਤਾ ਸੀ। ਬਿਆਨ ‘ਚ ਕਿਹਾ ਗਿਆ ਹੈ ਕਿ ਦਾਨ ‘ਚ ਇਹ ਵਾਧਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਅਮਰੀਕੀ ਲੋਕ ਸਾਬਕਾ ਰਾਸ਼ਟਰਪਤੀ ਟਰੰਪ ਖ਼ਿਲਾਫ਼ ਮੁਕੱਦਮੇ ਨੂੰ ਇਸਤਗਾਸਾ ਧਿਰ ਵੱਲੋਂ ਨਿਆਂ ਪ੍ਰਣਾਲੀ ਨੂੰ ਅਪਮਾਨਜਨਕ ਤੌਰ ‘ਤੇ ਹਥਿਆਰ ਵਜੋਂ ਵਰਤੇ ਜਾਣ ਵਜੋਂ ਦੇਖਦੇ ਹਨ। ਵ੍ਹਾਈਟ ਹਾਊਸ ਨੇ ਟਰੰਪ ਖ਼ਿਲਾਫ਼ ਮੁਕੱਦਮੇ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਫ਼ੈਸਲੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। -ਪੀਟੀਆਈ