ਇਸਲਾਮਾਬਾਦ, 5 ਅਪਰੈਲ
ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਇਕ ਦਿਨ ਪਹਿਲਾਂ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਨਿਰਦੇਸ਼ ਤਹਿਤ ਅੱਜ ਸਿਆਸੀ ਤੌਰ ‘ਤੇ ਅਹਿਮ ਪੰਜਾਬ ਪ੍ਰਾਂਤ ਵਿੱਚ 14 ਮਈ ਨੂੰ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਚੀਫ ਜਸਟਿਸ ਉਮਰ ਅਤਾ ਬਾਂਦਿਆਲ ਦੀ ਪ੍ਰਧਾਨਗੀ ਵਾਲੇ ਤਿੰਨ ਮੈਂਬਰੀ ਬੈਂਚ ਨੇ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਲਈ ਵੋਟਾਂ ਦੀ ਤਰੀਕ 14 ਮਈ ਤੈਅ ਕੀਤੀ ਸੀ ਤੇ ਨਾਲ ਹੀ ਪਾਕਿਸਤਾਨੀ ਚੋਣ ਕਮਿਸ਼ਨ ਦੇ ਉਸ ਫ਼ੈਸਲੇ ਨੂੰ ਰੱਦ ਕਰ ਦਿੱਤਾ ਸੀ ਜਿਸ ਵਿੱਚ ਸੂਬੇ ‘ਚ ਚੋਣਾਂ ਦੀ ਤਰੀਕ 10 ਅਪਰੈਲ ਤੋਂ ਵਧਾ ਕੇ 8 ਅਕਤੂਬਰ ਕੀਤੀ ਗਈ ਸੀ। ਚੋਣ ਕਮਿਸ਼ਨ ਵੱਲੋਂ ਅੱਜ ਜਾਰੀ ਕੀਤੇ ਗਏ ਚੋਣ ਪ੍ਰੋਗਰਾਮ ਤਹਿਤ 14 ਮਈ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ ਅਤੇ 10 ਅਪਰੈਲ ਤੱਕ ਨਾਮਜ਼ਦਗੀ ਪੱਤਰ ਨੂੰ ਲੈ ਕੇ ਰਿਟਰਨਿੰਗ ਅਫ਼ਸਰ ਦੇ ਫ਼ੈਸਲੇ ਖ਼ਿਲਾਫ਼ ਅਪੀਲ ਦਾਇਰ ਕੀਤੀ ਜਾ ਸਕੇਗੀ। ਚੋਣ ਕਮਿਸ਼ਨ ਵੱਲੋਂ ਜਾਰੀ ਸੋਧੀ ਹੋਈ ਨੋਟੀਫਿਕੇਸ਼ਨ ਮੁਤਾਬਕ, ਚੋਣ ਟ੍ਰਿਬਿਊਨਲ 17 ਅਪਰੈਲ ਨੂੰ ਅਪੀਲਾਂ ‘ਤੇ ਫ਼ੈਸਲਾ ਕਰੇਗਾ ਤੇ 18 ਅਪਰੈਲ ਨੂੰ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਜਾਵੇਗੀ। -ਪੀਟੀਆਈ
ਆਮ ਚੋਣਾਂ ਬਾਰੇ ਯੋਜਨਾ ਸਾਂਝੀ ਕਰਨ ‘ਤੇ ਇਮਰਾਨ ਅਕਤੂਬਰ ਤੱਕ ਇੰਤਜ਼ਾਰ ਕਰਨ ਲਈ ਤਿਆਰ
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਕਿਹਾ ਕਿ ਜੇਕਰ ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ (ਪੀਡੀਐੱਮ) ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨਿਰਪੱਖ ਆਮ ਚੋਣਾਂ ਕਰਵਾਉਣ ਲਈ ਉਨ੍ਹਾਂ ਨਾਲ ਕੋਈ ਯੋਜਨਾ ਸਾਂਝੀ ਕਰਦੀ ਹੈ ਤਾਂ ਉਹ ਅਕਤੂਬਰ ਤੱਕ ਇੰਤਜ਼ਾਰ ਕਰਨ ਲਈ ਤਿਆਰ ਹਨ। ਮੀਡੀਆ ਵਿੱਚ ਆਈ ਇਕ ਖ਼ਬਰ ‘ਚ ਇਹ ਜਾਣਕਾਰੀ ਦਿੱਤੀ ਗਈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਮੁਖੀ ਇਮਰਾਨ ਖਾਨ ਸੰਸਦ ਵਿੱਚ ਉਨ੍ਹਾਂ ਖ਼ਿਲਾਫ਼ ਇਕ ਬੇਭਰੋਸਗੀ ਮਤਾ ਪਾਸ ਹੋਣ ‘ਤੇ ਪਿਛਲੇ ਸਾਲ ਅਪਰੈਲ ਵਿੱਚ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਣ ਦੇ ਬਾਅਦ ਤੋਂ ਤੁਰੰਤ ਕੌਮੀ ਚੋਣਾਂ ਕਰਵਾਉਣ ਦੀ ਮੰਗ ਕਰਦੇ ਆ ਰਹੇ ਹਨ। -ਪੀਟੀਆਈ