ਖਰਤੂਮ, 23 ਅਪਰੈਲ
ਅਫ਼ਰੀਕਾ ਦੇ ਸਭ ਤੋਂ ਵੱਡੇ ਮੁਲਕ ਸੂਡਾਨ ‘ਚ ਸੱਤਾ ਲਈ ਜਾਰੀ ਸੰਘਰਸ਼ ਦਰਮਿਆਨ ਅਮਰੀਕੀ ਫ਼ੌਜ ਨੇ ਐਤਵਾਰ ਨੂੰ ਆਪਣੇ ਸਫ਼ਾਰਤਖਾਨੇ ਦੇ ਅਧਿਕਾਰੀਆਂ ਨੂੰ ਮੁਲਕ ‘ਚੋਂ ਸੁਰੱਖਿਅਤ ਬਾਹਰ ਕੱਢਿਆ। ਕਈ ਹੋਰ ਮੁਲਕਾਂ ਦੀਆਂ ਸਰਕਾਰਾਂ ਵੀ ਆਪਣੇ-ਆਪਣੇ ਸਫ਼ਾਰਤਖਾਨਿਆਂ ਦੇ ਅਮਲੇ ਅਤੇ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਰਾਜਧਾਨੀ ਖਰਤੂਮ ਤੋਂ ਨੀਲ ਦਰਿਆ ਨੇੜਲੇ ਸ਼ਹਿਰ ਓਮਡਰਮੈਨ ‘ਚ ਜੰਗ ਤੇਜ਼ੀ ਹੋ ਗਈ ਹੈ। ਈਦ ‘ਤੇ ਤਿੰਨ ਦਿਨ ਦੀ ਛੁੱਟੀ ਦੇ ਨਾਲ ਐਲਾਨੀ ਗਈ ਗੋਲੀਬੰਦੀ ਦੇ ਬਾਵਜੂਦ ਹਿੰਸਾ ਹੋਈ। ਓਮਡਰਮੈਨ ‘ਚ ਸਰਕਾਰੀ ਟੀਵੀ ਦੇ ਦਫ਼ਤਰ ਨੇੜੇ ਰਹਿੰਦੇ ਆਮੀਨ ਅਲ ਤੈਯਦ ਨੇ ਕਿਹਾ ਕਿ ਉਨ੍ਹਾਂ ਅਜਿਹੀ ਗੋਲੀਬੰਦੀ ਨਹੀਂ ਦੇਖੀ ਹੈ। ਉਸ ਨੇ ਕਿਹਾ ਕਿ ਭਾਰੀ ਗੋਲਾਬਾਰੀ ਹੋਈ ਹੈ ਅਤੇ ਸ਼ਹਿਰ ਧਮਾਕਿਆਂ ਨਾਲ ਗੂੰਜ ਉੱਠਿਆ ਹੈ। ਨੀਮ ਫ਼ੌਜੀ ਬਲ ਨੇ ਦਾਅਵਾ ਕੀਤਾ ਕਿ ਖਰਤੂਮ ਦੇ ਉੱਤਰ ‘ਚ ਕਾਫੌਰੀ ‘ਚ ਫ਼ੌਜ ਨੇ ਹਵਾਈ ਹਮਲੇ ਕੀਤੇ। ਖ਼ੂਨ-ਖ਼ਰਾਬੇ ਦਰਮਿਆਨ ਅਮਰੀਕਾ ਦੇ ਵਿਸ਼ੇਸ਼ ਬਲਾਂ ਨੇ ਐਤਵਾਰ ਤੜਕੇ ਖਰਤੂਮ ‘ਚ ਅਮਰੀਕੀ ਸਫ਼ਾਰਤਖਾਨੇ ਦੇ 70 ਮੁਲਾਜ਼ਮਾਂ ਨੂੰ ਇਥੋਪੀਆ ਪਹੁੰਚਾਇਆ। ਫਰਾਂਸ ਅਤੇ ਨੈਂਦਰਲੈਂਡਜ਼ ਨੇ ਕਿਹਾ ਕਿ ਉਹ ਸਹਿਯੋਗੀ ਮੁਲਕਾਂ ਦੇ ਕੁਝ ਨਾਗਰਿਕਾਂ ਦੇ ਨਾਲ ਨਾਲ ਸਫ਼ਾਰਤਖਾਨੇ ਦੇ ਮੁਲਾਜ਼ਮਾਂ ਤੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੀ ਮੁਹਿੰਮ ਸ਼ੁਰੂ ਕਰ ਰਹੇ ਹਨ। ਸੂਡਾਨ ਦੀ ਫ਼ੌਜ ਅਤੇ ਤਾਕਤਵਰ ਨੀਮ ਫ਼ੌਜੀ ਬਲ ‘ਰੈਪਿਡ ਸਪੋਰਟ ਫੋਰਸ’ ਵਿਚਕਾਰ ਟਕਰਾਅ ਦੌਰਾਨ ਮੁਲਕ ਦੇ ਮੁੱਖ ਕੌਮਾਂਤਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ। ਸਾਊਦੀ ਅਰਬ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਮੁਲਕ ਨੇ 157 ਲੋਕਾਂ ਨੂੰ ਸਫ਼ਲਤਾਪੂਰਬਕ ਕੱਢਿਆ ਜਿਨ੍ਹਾਂ ‘ਚ 91 ਸਾਊਦੀ ਅਰਬ ਅਤੇ ਬਾਕੀ ਹੋਰ ਮੁਲਕਾਂ ਦੇ ਨਾਗਰਿਕ ਸ਼ਾਮਲ ਹਨ। ਇਨ੍ਹਾਂ ਲੋਕਾਂ ਨੂੰ ਜਲ ਸੈਨਾ ਦੇ ਜਹਾਜ਼ ਰਾਹੀਂ ਲਾਲ ਸਾਗਰ ਪਾਰ ਜੇਦਾਹ ਦੀ ਸਾਊਦੀ ਬੰਦਰਗਾਹ ਤੱਕ ਪਹੁੰਚਾਇਆ ਗਿਆ। -ਏਪੀ
ਅਮਰੀਕੀ ਸਫ਼ਾਰਤਖਾਨੇ ਦਾ ਸਾਰਾ ਅਮਲਾ ਸੁਰੱਖਿਅਤ ਕੱਢਿਆ: ਬਾਇਡਨ
ਵਾਸ਼ਿੰਗਟਨ: ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਸੂਡਾਨ ‘ਚੋਂ ਅਮਰੀਕੀ ਸਫ਼ਾਰਤਖਾਨੇ ਦੇ ਸਾਰੇ ਅਮਲੇ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਬਾਇਡਨ ਨੇ ਅਮਰੀਕੀ ਅਮਲੇ ਨੂੰ ਕੱਢਣ ਦੇ ਮਿਸ਼ਨ ‘ਚ ਸਹਾਇਤਾ ਕਰਨ ਵਾਲੇ ਫ਼ੌਜੀਆਂ ਦਾ ਧੰਨਵਾਦ ਕੀਤਾ ਹੈ। ਇਸ ਮਗਰੋਂ ਖਰਤੂਮ ‘ਚ ਅਮਰੀਕੀ ਮਿਸ਼ਨ ਅਣਮਿੱਥੇ ਸਮੇਂ ਲਈ ਬੰਦ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਨੇ ਮਿਸ਼ਨ ‘ਚ ਸਹਾਇਤਾ ਦੇਣ ਲਈ ਜਬੂਤੀ, ਇਥੋਪੀਆ ਅਤੇ ਸਾਊਦੀ ਅਰਬ ਦਾ ਧੰਨਵਾਦ ਕੀਤਾ ਹੈ। -ਏਪੀ