ਲੰਡਨ, 30 ਅਪਰੈਲ
ਲੰਡਨ ਵਿੱਚ 6 ਮਈ ਨੂੰ ਵੈਸਟਮਿੰਸਸਟਰ ਐਬੇ ਵਿੱਚ ਮਹਾਰਾਜ ਚਾਰਲਸ ਤੀਜੇ ਦੀ ਤਾਜਪੋਸ਼ੀ ਵਿੱਚ ਸਭ ਤੋਂ ਪਵਿੱਤਰ ਧਾਰਮਿਕ ਰਸਮ ਲਈ ਇਸਤੇਮਾਲ ਹੋਣ ਵਾਲੇ ਕੱਪੜੇ ਦੇ ਪਰਦੇ ‘ਤੇ ਭਾਰਤ ਸਣੇ ਰਾਸ਼ਟਰਮੰਡਲ ਦੇ ਹਰੇਕ ਮੈਂਬਰ ਦੇਸ਼ ਦਾ ਨਾਮ ਹੋਵੇਗਾ। ਬਰਤਾਨਵੀ ਰਾਜਸ਼ਾਹੀ ਦੇ ਲੰਡਨ ਸਥਿਤ ਅਧਿਕਾਰਤ ਨਿਵਾਸ ਬਕਿੰਘਮ ਪੈਲੇਸ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਹਫ਼ਤੇ ਦੇ ਅੰਤ ਵਿੱਚ ‘ਤਾਜਪੋਸ਼ੀ ਪਰਦਾ’ ਜਾਰੀ ਕੀਤਾ ਗਿਆ ਜਿਸ ਵਿੱਚ ਇਕ ਦਰੱਖਤ ਬਣਿਆ ਹੋਇਆ ਹੈ ਅਤੇ ਉਸ ਦੀਆਂ 56 ਟਹਿਣੀਆਂ ‘ਤੇ ਰਾਸ਼ਟਰਮੰਡਲ ਦੇਸ਼ਾਂ ਦੇ ਨਾਮ ਹਨ। ਪੈਲੇਸ ਨੇ ਕਿਹਾ ਕਿ ਇਹ 74 ਸਾਲਾ ਮਹਾਰਾਜੇ ਦੇ ਇਸ ਸੰਗਠਨ ਲਈ ‘ਡੂੰਘੇ ਪਿਆਰ’ ਨੂੰ ਦਰਸਾਉਂਦਾ ਹੈ। -ਪੀਟੀਆਈ