ਗੋਂਡਾ (ਉੱਤਰ ਪ੍ਰਦੇਸ਼), 30 ਅਪਰੈਲ
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਉਨ੍ਹਾਂ ਖ਼ਿਲਾਫ਼ ਨਵੀਂ ਦਿੱਲੀ ਦੇ ਜੰਤਰ-ਮੰਤਰੀ ‘ਤੇ ਚੱਲ ਰਹੇ ਪਹਿਲਵਾਨਾਂ ਦੇ ਧਰਨੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਬ੍ਰਿਜ ਭੂਸ਼ਣ ‘ਤੇ ਪਹਿਲਵਾਨਾਂ ਨੇ ਧਮਕਾਉਣ ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਹਨ। ਸੰਸਦ ਮੈਂਬਰ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੀ ਪਾਰਟੀ ਦੇ ਰੁਖ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜਵਾਦੀ ਪਾਰਟੀ ਧਰਨੇ ਨਾਲ ਨਾ ਜੁੜ ਕੇ ਸੱਚਾਈ ਦੇ ਨਾਲ ਖੜ੍ਹੀ ਹੈ। ਉਨ੍ਹਾਂ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ”ਧਰਨਾ ਦੇ ਰਹੇ ਪਹਿਲਵਾਨ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਦੇ ਹੱਥਾਂ ਦੇ ਖਿਡੌਣੇ ਬਣ ਗਏ ਹਨ। ਉਨ੍ਹਾਂ ਦਾ ਮਕਸਦ ਮੇਰੀ ਅਸਤੀਫਾ ਨਹੀਂ ਹੈ ਬਲਕਿ ਇਹ ਸਿਆਸੀ ਹੈ।” ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਐੱਫਆਈਆਰ ਦੀ ਕਾਪੀ ਵੀ ਨਹੀਂ ਮਿਲੀ ਹੈ। ਬ੍ਰਿਜ ਭੂਸ਼ਣ ਨੇ ਕਿਹਾ, ”ਪ੍ਰਦਰਸ਼ਨ ਕਰਨਾ ਉਨ੍ਹਾਂ ਦਾ ਅਧਿਕਾਰ ਹੈ ਪਰ ਕੀ ਰੇਲਵੇ ਨਾਲ ਸਬੰਧਤ ਕੋਈ ਖਿਡਾਰੀ ਇਸ ਤਰ੍ਹਾਂ ਧਰਨੇ ‘ਤੇ ਬੈਠ ਸਕਦਾ ਹੈ?, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਖ਼ਿਲਾਫ਼ ਇਤਰਾਜ਼ਯੋਗ ਨਾਅਰੇ ਲਾਏ ਜਾ ਰਹੇ ਹਨ।” -ਪੀਟੀਆਈ