ਕੋਲੰਬੋ, 1 ਮਈ
ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਅੱਜ ਸ੍ਰੀ ਲੰਕਾ ਦੇ ਕਾਮਿਆਂ ਨੂੰ ਸੱਦਾ ਦਿੱਤਾ ਕਿ ਉਹ ਨਕਦੀ ਦੀ ਘਾਟ ਨਾਲ ਜੂਝ ਰਹੇ ਇਸ ਰਾਸ਼ਟਰ ਨੂੰ 2048 ਤੱਕ ਵਿਕਸਿਤ ਮੁਲਕ ਬਣਾਉਣ ਦੇ ਅਮਲ ਵਿੱਚ ਆਪਣਾ ਯੋਗਦਾਨ ਪਾਉਣ। ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਦਿੱਤੇ ਸੁਨੇਹੇ ਵਿੱਚ ਉਨ੍ਹਾਂ ਕਿਹਾ, ‘ਮਜ਼ਦੂਰ ਦੇਸ਼ ਦੇ ਅਰਥਚਾਰੇ ਦੀ ਪ੍ਰਗਤੀ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।’ ਵਿਕਰਮਸਿੰਘੇ ਜੋ ਦੇਸ਼ ਦੇ ਵਿੱਤ ਮੰਤਰੀ ਵੀ ਹਨ, ਨੇ ਮੰਨਿਆ ਕਿ ਕਾਮਿਆਂ ਨੇ ਸ੍ਰੀਲੰਕਾ ਦੀਆਂ ਚੁਣੌਤੀਆਂ ਨਾਲ ਸਿੱਝ ਕੇ ਦੇਸ਼ ਨੂੰ ਅੱਗੇ ਲਿਜਾਣ ਲਈ ਕੰਮ ਕੀਤਾ। ਵਿਕਰਮਸਿੰਘੇ ਨੇ ਕਿਹਾ, ‘ਪਿਛਲੇ ਸਾਲ ਦੇਸ਼ ਨੇ ਗੰਭੀਰ ਆਰਥਿਕ ਪਤਨ ਦਾ ਸਾਹਮਣਾ ਕੀਤਾ। ਦੇਸ਼ ਦੇ ਅਰਥਚਾਰੇ ਨੂੰ ਸਥਿਰ ਕਰਨ ਲਈ ਕਾਮੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਅਸੀਂ ਸ੍ਰੀ ਲੰਕਾ ਦੇ ਕਾਮਿਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦੇ ਹਨ ਅਤੇ 2048 ਤੱਕ ਸ੍ਰੀ ਲੰਕਾ ਨੂੰ ਖੁਸ਼ਹਾਲ ਬਣਾਉਣ ਲਈ ਆਪਣਾ ਯੋਗਦਾਨ ਪਾਉਣ।’ ਉਨ੍ਹਾਂ ਕੌਮਾਂਤਰੀ ਮਜ਼ਦੂਰ ਦਿਵਸ ਦੀ ਸਭ ਨੂੰ ਵਧਾਈ ਦਿੱਤੀ। -ਪੀਟੀਆਈ