ਬੰਗਲੌਰ, 2 ਮਈ
ਕਾਂਗਰਸ ਦੀ ਕਰਨਾਟਕ ਇਕਾਈ ਨੇ ਅੱਜ ਰਾਜ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ, ਜਿਸ ਦਾ ਨਾਮ ‘ਸਰਵ ਜਨਾਗਦਾ ਸ਼ਾਂਤੀਯ ਤੋਟਾ’ ਰੱਖਿਆ ਗਿਆ ਹੈ। ਹਿੰਦੀ ਵਿੱਚ ਇਸ ਦਾ ਅਰਥ ‘ਸਾਰੇ ਲੋਕਾਂ ਲਈ ਸ਼ਾਂਤੀ ਦਾ ਬਾਗ’ ਹੈ। ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਲਈ 10 ਮਈ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਸਿੱਧਰਮਈਆ ਸਣੇ ਪਾਰਟੀ ਦੇ ਹੋਰ ਆਗੂਆਂ ਦੀ ਹਾਜ਼ਰੀ ‘ਚ ਮੈਨੀਫੈਸਟੋ ਜਾਰੀ ਕੀਤਾ, ਜਿਸ ‘ਚ ਗ੍ਰਹਿ ਜੋਤੀ, ਗ੍ਰਹਿ ਲਕਸ਼ਮੀ, ਅੰਨਾ ਭਾਗਿਆ, ਯੁਵਾ ਨਿਧੀ ਅਤੇ ਸ਼ਕਤੀ ਦੀਆਂ ਪੰਜ ਗਾਰੰਟੀਆਂ ਨੂੰ ਦੁਹਰਾਇਆ ਗਿਆ ਹੈ। ਮੈਨੀਫੈਸਟੋ ਅਨੁਸਾਰ ਗ੍ਰਹਿ ਜੋਤੀ ਤਹਿਤ 200 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਹੈ, ਜਦਕਿ ਗ੍ਰਹਿ ਲਕਸ਼ਮੀ ਤਹਿਤ ਪਰਿਵਾਰ ਦੇ ਮੁਖੀ ਨੂੰ 2000 ਰੁਪਏ ਅਤੇ ਅੰਨਾ ਭਾਗਿਆ ਤਹਿਤ ਦਸ ਕਿਲੋ ਅਨਾਜ ਦੇਣ ਦਾ ਵਾਅਦਾ ਕੀਤਾ ਗਿਆ ਹੈ।