ਬੇਨੋਲਿਮ, 3 ਮਈ
ਮੁੱਖ ਅੰਸ਼
- ਚਰਚਾ ਖੇਤਰੀ ਮੁੱਦਿਆਂ ‘ਤੇ ਕੇਂਦਰਿਤ ਰਹਿਣ ਦੀ ਸੰਭਾਵਨਾ
ਭਾਰਤ ਭਲਕ ਤੋਂ ਗੋਆ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੇ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਦੋ ਦਿਨ ਚੱਲਣ ਵਾਲੀ ਇਹ ਬੈਠਕ ਯੂਕਰੇਨ ਜੰਗ ਕਾਰਨ ਰੂਸ ਤੇ ਪੱਛਮ ਦਰਮਿਆਨ ਬਣੇ ਟਕਰਾਅ ਅਤੇ ਚੀਨ ਦੇ ਸਾਮਰਾਜਵਾਦੀ ਰਵੱਈਏ ‘ਤੇ ਬਣੀ ਚਿੰਤਾ ਵਿਚਾਲੇ ਹੋਵੇਗੀ। ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਇਸ ਮੀਟਿੰਗ ਵਿਚ ਹਿੱਸਾ ਲੈਣਗੇ । ਮੀਟਿੰਗ ਦੀ ਅਗਵਾਈ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕਰਨਗੇ। ਇਸ ਮੀਟਿੰਗ ਵਿਚ ਅਫ਼ਗਾਨਿਸਤਾਨ ਦੀ ਸੰਪੂਰਨ ਸਥਿਤੀ ਉਤੇ ਚਰਚਾ ਹੋਣ ਦੀ ਸੰਭਾਵਨਾ ਹੈ। ਤਾਲਿਬਾਨ ਦੇ ਰਾਜ ਵਿਚ ਉੱਥੇ ਅਤਿਵਾਦ ਦੇ ਪਸਾਰ ਦੇ ਖ਼ਦਸ਼ਿਆਂ ਅਤੇ ਲਗਾਤਾਰ ਬਦਲ ਰਹੀ ਖੇਤਰੀ ਸੁਰੱਖਿਆ ਦੀ ਸਥਿਤੀ ਉਤੇ ਇਸ ਬੈਠਕ ਵਿਚ ਚਰਚਾ ਦੀ ਸੰਭਾਵਨਾ ਹੈ। ਇਹ ਬੈਠਕ ਬੇਨੋਲਿਮ ਦੇ ਬੀਚ ਰਿਜ਼ੌਰਟ ਉਤੇ ਹੋ ਰਹੀ ਹੈ। ਕਿਨ ਤੇ ਲਾਵਰੋਵ ਭਲਕੇ ਸਵੇਰੇ ਗੋਆ ਪਹੁੰਚਣਗੇ। ਜਦਕਿ ਭੁੱਟੋ-ਜ਼ਰਦਾਰੀ ਦੁਪਹਿਰੋਂ ਬਾਅਦ ਆ ਸਕਦੇ ਹਨ। ਜੈਸ਼ੰਕਰ ਵੀਰਵਾਰ ਸ਼ਾਮ ਨੂੰ ਸਾਰੇ ਮੁਲਕਾਂ ਦੇ ਆਗੂਆਂ ਦਾ ਇਕ ਸਮਾਰੋਹ ਕਰ ਕੇ ਸਵਾਗਤ ਕਰਨਗੇ ਜਦਕਿ ਸੰਮੇਲਨ ਦਾ ਮੁੱਖ ਸਮਾਗਮ ਸ਼ੁੱਕਰਵਾਰ ਨੂੰ ਹੋਵੇਗਾ। ਦੱਸਣਯੋਗ ਹੈ ਕਿ ਭਾਰਤ ਐੱਸਸੀਓ ਦੇ ਅਹਿਮ ਮੈਂਬਰ ਵਜੋਂ ਉੱਭਰ ਰਿਹਾ ਹੈ ਜਦਕਿ ਚੀਨ ਤੇ ਰੂਸ ਗਰੁੱਪ ਨੂੰ ਚਲਾਉਣ ਵਾਲੇ ਪ੍ਰਮੁੱਖ ਮੈਂਬਰ ਹਨ। ਇਸ ਗਰੁੱਪ ਨੂੰ ਹੁਣ ‘ਨਾਟੋ’ ਦੇ ਬਦਲ ਵਜੋਂ ਦੇਖਿਆ ਜਾਣ ਲੱਗਾ ਹੈ। ਜ਼ਿਕਰਯੋਗ ਹੈ ਕਿ ਭਾਰਤ ਕੁਆਡ ਦਾ ਵੀ ਮੈਂਬਰ ਹੈ ਜਿਸ ਵਿਚ ਅਮਰੀਕਾ, ਜਪਾਨ ਦੇ ਆਸਟਰੇਲੀਆ ਸ਼ਾਮਲ ਹਨ ਜਦਕਿ ਰੂਸ ਤੇ ਚੀਨ ਕੁਆਡ ਦੇ ਕੱਟੜ ਆਲੋਚਕ ਹਨ। ਸੰਮੇਲਨ ਦੀ ਤਿਆਰੀ ਨਾਲ ਜੁੜੇ ਲੋਕਾਂ ਮੁਤਾਬਕ ਇਸ ਵਿਚ ਵਪਾਰ, ਨਿਵੇਸ਼ ਤੇ ਸੰਪਰਕ ਦੇ ਵਿਸਤਾਰ ਵਿਚ ਸਹਿਯੋਗ ਉਤੇ ਵਿਆਪਕ ਚਰਚਾ ਹੋਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਜੈਸ਼ੰਕਰ ਚੀਨ, ਰੂਸ ਤੇ ਹੋਰ ਮੈਂਬਰ ਮੁਲਕਾਂ ਦੇ ਆਪਣੇ ਹਮਰੁਤਬਾ ਸਾਥੀਆਂ ਨਾਲ ਵੱਖ ਤੋਂ ਮੁਲਾਕਾਤ ਕਰ ਸਕਦੇ ਹਨ। ਰੂਸ ਤੇ ਚੀਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਵੀ ਵੱਖ ਤੋਂ ਮੁਲਾਕਾਤ ਹੋਣ ਦੀ ਪੂਰੀ ਸੰਭਾਵਨਾ ਹੈ। ਭਾਰਤ ਨੇ ਪਿਛਲੇ ਹਫ਼ਤੇ ਐੱਸਸੀਓ ਮੁਲਕਾਂ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ ਸੀ। ਪਾਕਿਸਤਾਨ ਦੇ ਨੁਮਾਇੰਦੇ ਨੇ ਉਸ ਮੀਟਿੰਗ ਵਿਚ ਵਰਚੁਅਲੀ ਹਿੱਸਾ ਲਿਆ ਸੀ। -ਪੀਟੀਆਈ
2011 ਮਗਰੋਂ ਕਿਸੇ ਪਾਕਿਸਤਾਨੀ ਵਿਦੇਸ਼ ਮੰਤਰੀ ਦਾ ਪਹਿਲਾ ਭਾਰਤ ਦੌਰਾ
ਐੱਸਸੀਓ ਸੰਮੇਲਨ ਤੋਂ ਵੱਖ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਦਰਮਿਆਨ ਮੀਟਿੰਗ ਦੀ ਸੰਭਾਵਨਾ ਉਤੇ ਵੀ ਸਾਰਿਆਂ ਦੀ ਨਜ਼ਰ ਰਹੇਗੀ, ਹਾਲਾਂਕਿ ਇਸ ਬਾਰੇ ਕੁਝ ਸਪੱਸ਼ਟ ਨਹੀਂ ਹੈ। ਭੁੱਟੋ-ਜ਼ਰਦਾਰੀ ਦੇ ਇਸ ਮੀਟਿੰਗ ਵਿਚ ਹਿੱਸਾ ਲੈਣ ਬਾਰੇ ਐਲਾਨ ਪਾਕਿਸਤਾਨ ਪਹਿਲਾਂ ਹੀ ਕਰ ਚੁੱਕਾ ਹੈ। ਜੇਕਰ ਉਹ ਭਾਰਤ ਆਉਂਦੇ ਹਨ ਤਾਂ ਇਸਲਾਮਬਾਦ ਤੋਂ ਕੋਈ ਅਜਿਹਾ ਦੌਰਾ 2011 ਤੋਂ ਬਾਅਦ ਪਹਿਲੀ ਵਾਰ ਕਰੇਗਾ। ਸੰਨ 2011 ਵਿਚ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਭਾਰਤ ਆਏ ਸਨ। -ਪੀਟੀਆਈ