ਲੰਡਨ, 6 ਮਈ
ਸਮਰਾਟ ਚਾਰਲਸ ਨੂੰ ਅੱਜ ਇਥੇ ਸ਼ਾਨਦਾਰ ਸਮਾਗਮ ਵਿੱਚ ਤਾਜ ਪਹਿਨਾਇਆ ਗਿਆ। 360 ਸਾਲ ਪੁਰਾਣਾ ਸੇਂਟ ਐਡਵਰਡ ਦਾ ਤਾਜ ਸਮਰਾਟ ਦੇ ਸਿਰ ਉੱਤੇ ਆਰਚਬਿਸ਼ਪ ਨੇ ਰੱਖਿਆ। ਇਸ ਤੋਂ ਪਹਿਲਾਂ ਸਮਰਾਟ ਚਾਰਲਸ III ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਇਤਿਹਾਸਕ ਤਾਜਪੋਸ਼ੀ ਲਈ ਬਕਿੰਘਮ ਪੈਲੇਸ ਤੋਂ ਇਤਿਹਾਸਕ ਵੈਸਟਮਿੰਸਟਰ ਐਬੇ ਪੁੱਜ ਗੲੇ। ਤਾਜਪੋਸ਼ੀ ਤੋਂ ਬਾਅਦ ਕੈਮਿਲਾ ਨੂੰ ਵੀ ਮਹਾਰਾਣੀ ਦਾ ਦਰਜਾ ਮਿਲ ਗਿਆ। ਵੈਸਟਮਿੰਸਟਰ ਐਬੇ 1066 ਤੋਂ ਹਰ ਬ੍ਰਿਟਿਸ਼ ਤਾਜਪੋਸ਼ੀ ਦਾ ਸਥਾਨ ਰਿਹਾ ਹੈ ਅਤੇ ਸਮਰਾਟ ਚਾਰਲਸ III ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਨੇ ਇਸ ਸ਼ਾਨਦਾਰ ਪ੍ਰੰਪਰਾ ਦੀ ਪਾਲਣਾ ਕੀਤੀ।
ਸ਼ਾਹੀ ਜੋੜਾ ਬਕਿੰਘਮ ਪੈਲੇਸ ਤੋਂ ਵੈਸਟਮਿੰਸਟਰ ਐਬੇ ਤੱਕ ਬੱਘੀ ਵਿਚ ਸਵਾਰ ਹੋ ਕੇ ਤਾਜਪੋਸ਼ੀ ਵਾਲੀ ਥਾਂ ‘ਤੇ ਪਹੁੰਚਿਆ। ਤਾਜਪੋਸ਼ੀ ਤੋਂ ਬਾਅਦ ਚਾਰਲਸ ਅਤੇ ਕੈਮਿਲਾ ‘ਗੋਲਡ ਸਟੇਟ ਕੋਚ’ ਵਿੱਚ ਮਹਿਲ ਪਰਤ ਗਏ। ਚਾਰਲਸ ਨੂੰ ਕੈਂਟਰਬਰੀ ਦੇ ਆਰਚਬਿਸ਼ਪ ਜਸਟਿਨ ਵੇਲਬੀ ਵੱਲੋਂ ਤਾਜ ਪਹਿਨਾਇਆ ਗਿਆ, ਜੋ ਇੰਗਲੈਂਡ ਦੇ ਰਾਜੇ ਦੀ ਸ਼ਕਤੀ ਦਾ ਪ੍ਰਤੀਕ ਹੈ। ਇਸ ਦੌਰਾਨ ਹਿੰਦੂ, ਸਿੱਖ, ਮੁਸਲਿਮ, ਬੋਧੀ ਅਤੇ ਯਹੂਦੀ ਭਾਈਚਾਰਿਆਂ ਦੇ ਧਾਰਮਿਕ ਆਗੂ ਅਤੇ ਨੁਮਾਇੰਦੇ ਵੀ ਮੌਜੂਦ ਸਨ।