ਸਾਵਾਦੱਤੀ (ਕਰਨਾਟਕਾ), 6 ਮਈ
ਕੇਂਦਰੀ ਗ੍ਰਹਿ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਅਮਿਤ ਸ਼ਾਹ ਨੇ ਕਾਂਗਰਸ ‘ਤੇ ਪਾਬੰਦੀਸ਼ੁਦਾ ਜਥੇਬੰਦੀ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਦੇ ਏਜੰਡੇ ‘ਤੇ ਕੰਮ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਬੇਲਾਗਵੀ ਜ਼ਿਲ੍ਹੇ ਵਿਚ ਜਨਤਕ ਸਭਾ ਦੌਰਾਨ ਕਰਨਾਟਕ ਵਾਸੀਆਂ ਨੂੰ ਸੰਬੋਧਨ ਕਰਦਿਆਂ ਅਗਲੇ ਹਫਤੇ ਵਿਧਾਨ ਸਭਾ ਚੋਣਾਂ ਵਿੱਚ ਇਸ ਪਾਰਟੀ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਭਗਵਾਨ ਹਨੂੰਮਾਨ ਦੇ ਨਾਲ ਸੁਤੰਤਰਤਾ ਸੈਨਾਨੀ ਅਤੇ ਹਿੰਦੂਤਵ ਵਿਚਾਰਧਾਰਕ ਵੀਡੀ ਸਾਵਰਕਰ ਦਾ ਵੀ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ, ‘ਕਾਂਗਰਸ ਪਾਰਟੀ ਵੋਟ ਬੈਂਕ ਦੀ ਰਾਜਨੀਤੀ ਕਰਦੀ ਹੈ। ਇਸ ਪਾਰਟੀ ਨੇ ਪਹਿਲਾਂ ਮੁਸਲਮਾਨ ਭਾਈਚਾਰੇ ਨੂੰ ਚਾਰ ਫ਼ੀਸਦੀ ਰਾਖਵਾਂਕਰਨ ਦਿੱਤਾ ਜਦਕਿ ਇਸ ਪਾਰਟੀ ਨੂੰ ਇਹ ਪਤਾ ਸੀ ਕਿ ਸਾਡਾ ਸੰਵਿਧਾਨ ਧਰਮ ਦੇ ਆਧਾਰ ‘ਤੇ ਰਾਖਵਾਂਕਰਨ ਨਹੀਂ ਦਿੰਦਾ। ਇਸ ਤੋਂ ਇਲਾਵਾ ਵੀ ਕਾਂਗਰਸ ਨੇ ਲਿੰਗਾਇਤ ਤੇ ਵੋਕਾਲੀਗਾਸ ਲਈ ਦੋ-ਦੋ ਫੀਸਦੀ ਕੋਟਾ ਵਧਾ ਦਿੱਤਾ ਪਰ ਭਾਜਪਾ ਨੇ ਇਸ ਅਸੰਵਿਧਾਨਿਕ ਕੋਟੇ ਨੂੰ ਰੱਦ ਕਰ ਦਿੱਤਾ। ਦੂਜੇ ਪਾਸੇ ਕਾਂਗਰਸ ਵਾਅਦਾ ਕਰਦੀ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਉਹ ਮੁਸਲਿਮ ਰਾਖਵੇਂਕਰਨ ਨੂੰ ਵਾਪਸ ਲਿਆਏਗੀ ਅਤੇ ਇਸ ਨੂੰ ਚਾਰ ਦੀ ਬਜਾਏ ਛੇ ਫੀਸਦੀ ਕਰ ਦੇਵੇਗੀ।’ ਉਨ੍ਹਾਂ ਕਾਂਗਰਸ ਨੂੰ ਇਹ ਵੀ ਸਪਸ਼ਟ ਕਰਨ ਲਈ ਕਿਹਾ ਕਿ ਉਹ ਇਸ ਲਈ ਕਿਸ ਦਾ ਕੋਟਾ ਘਟਾਉਣਗੇ। ਉਨ੍ਹਾਂ ਕਿਹਾ, ‘ਅਸੀਂ ਵੋਟ ਬੈਂਕ ਦੀ ਰਾਜਨੀਤੀ ਨਹੀਂ ਕਰਦੇ ਜੋ ਵੀ ਦੇਸ਼ ਵਿਰੋਧੀ ਕੰਮ ਕਰੇਗਾ, ਉਸ ਨੂੰ ਸਲਾਖਾਂ ਪਿੱਛੇ ਜਾਣਾ ਹੀ ਪਵੇਗਾ।’ ਪੀਟੀਆਈ