ਇਸਲਾਮਾਬਾਦ, 10 ਮਈ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਇਥੇ ਵਿਸ਼ੇਸ਼ ਅਦਾਲਤ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਸੁਣਵਾਈ ਲਈ ਪੇਸ਼ ਹੋਏ। ਅਦਾਲਤ ਨੇ ਉਨ੍ਹਾਂ ਨੂੰ ਤੋਸ਼ਾਖ਼ਾਨਾ ਭ੍ਰਿਸ਼ਟਾਚਾਰ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ। ਇਸ ਦੌਰਾਨ ਅਮਨ ਬਰਕਰਾਰ ਰੱਖਣ ਲਈ ਸੂਬਾ ਪੰਜਾਬ ‘ਚ ਫ਼ੌਜ ਤਾਇਨਾਤ ਕਰ ਦਿੱਤੀ ਗਈ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਪੂਰਬੀ ਸੂਬੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਫੌਜ ਦੀ ਮਦਦ ਮੰਗੀ ਸੀ।ਇਮਰਾਨ ਖਾਨ ਦੇ ਸਮਰਥਕ ਅੱਜ ਇਸਲਾਮਾਬਾਦ ਵੱਲ ਮਾਰਚ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿੱਥੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਰੱਖਿਆ ਹੋਇਆ ਹੈ। ਇਸ ਕਾਰਨ ਇਮਰਾਨ ਸਮਰਥਕਾਂ ਤੇ ਸੁਰੱਖਿਆ ਬਲਾਂ ਨਾਲ ਹੋਰ ਝੜਪਾਂ ਹੋਣ ਦਾ ਖਦਸ਼ਾ ਵੱਧ ਰਿਹਾ ਹੈ। ਇਸ ਦੌਰਾਨ ਇਮਰਾਨ ਖਾਨ ਦੇ ਸਮਰਥਕਾਂ ਨੇ ਦੇਸ਼ ਵਿਆਪੀ ਬੰਦ ਸੱਦਾ ਦਿੱਤਾ ਹੈ। ਉਧਰ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਆਪਣੇ ਨੇਤਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੁਪਰੀਮ ਕੋਰਟ ਜਾਣ ਦੀ ਤਿਆਰੀ ‘ਚ ਹੈ।