ਇਸਲਾਮਾਬਾਦ, 10 ਮਈ
ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਕੋਰਟ ਨੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅੱਠ ਦਿਨਾ ਰਿਮਾਂਡ ਤਹਿਤ ਕੌਮੀ ਇਹਤਸਾਬ ਬਿਊਰੋ (ਐੱਨਏਬੀ) ਹਵਾਲੇ ਕਰ ਦਿੱਤਾ ਹੈ। ਇਸ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਵੱਖਰੇ ਤੋਸ਼ਾਖਾਨਾ ਰਿਸ਼ਵਤ ਕੇਸ ਵਿੱਚ ਖ਼ਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਧਰ ਇਮਰਾਨ ਨੇ ਆਪਣੀ ‘ਜਾਨ ਨੂੰ ਖ਼ਤਰਾ’ ਦਸਦਿਆਂ ਦਾਅਵਾ ਕੀਤਾ ਕਿ ਉਸ ਦਾ ਹਸ਼ਰ ਸ਼ਾਹਬਾਜ਼ ਸ਼ਰੀਫ਼ ਮਨੀ ਲਾਂਡਰਿੰਗ ਕੇਸ ਦੇ ਗਵਾਹ ‘ਮਕਸੂਦ ਚਪੜਾਸੀ’ ਵਰਗਾ ਹੋ ਸਕਦਾ ਹੈ। ਨੀਮ ਫੌਜੀ ਬਲਾਂ ਦੇ ਰੇਂਜਰਾਂ ਨੇ ਖ਼ਾਨ ਨੂੰ ਲੰਘੇ ਦਿਨ ਇਸਲਾਮਾਬਾਦ ਹਾਈ ਕੋਰਟ ਦੇ ਇਕ ਕਮਰੇ ‘ਚੋਂ ਜਬਰੀ ਹਿਰਾਸਤ ਵਿੱਚ ਲੈ ਲਿਆ ਸੀ।
ਖ਼ਾਨ ਨੂੰ ਅੱਜ ਇਹਤਸਾਬ ਵਿਰੋਧੀ ਕੋਰਟ ਨੰਬਰ 1 ਵਿੱਚ ਜੱਜ ਮੁਹੰਮਦ ਬਸ਼ੀਰ ਕੋਲ ਪੇਸ਼ ਕੀਤਾ ਗਿਆ। ਇਹ ਉਹੀ ਜੱਜ ਹਨ, ਜਿਨ੍ਹਾਂ ਸਾਬਕਾ ਵਜ਼ੀਰੇ ਆਜ਼ਮ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੀ ਧੀ ਮਰੀਅਮ ਨੂੰ ਲੰਡਨ ਵਿੱਚ ਜਾਇਦਾਦਾਂ ਨਾਲ ਜੁੜੇ ਭ੍ਰਿਸ਼ਟਾਚਾਰ ਕੇਸ ਵਿਚ ਦੋਸ਼ੀ ਠਹਿਰਾਇਆ ਸੀ। ਇਸਲਾਮਾਬਾਦ ਹਾਈ ਕੋਰਟ ਨੇ ਮਰੀਅਮ ਨੂੰ ਹਾਲਾਂਕਿ ਕੇਸ ਵਿਚੋਂ ਬਰੀ ਕਰ ਦਿੱਤਾ ਸੀ ਜਦੋਂਕਿ ਸ਼ਰੀਫ਼ ਦਾ ਕੇਸ ਅਜੇ ਵੀ ਬਕਾਇਆ ਹੈ।
ਕੋਰਟ ਵਿਚ ਸੁਣਵਾਈ ਦੌਰਾਨ ਐੱਨਏਬੀ ਦੇ ਵਕੀਲਾਂ ਨੇ ਅਲ-ਕਾਦਿਰ ਟਰੱਸਟ ਕੇਸ ਵਿੱਚ ਪੁੱਛ-ਪੜਤਾਲ ਲਈ ਇਮਰਾਨ ਖ਼ਾਨ ਦੇ 14 ਦਿਨਾ ਰਿਮਾਂਡ ਦੀ ਮੰਗ ਕੀਤੀ। ਖ਼ਾਨ ਦੇ ਵਕੀਲ ਨੇ ਹਾਲਾਂਕਿ ਇਸ ਦਾ ਵਿਰੋਧ ਕਰਦਿਆਂ ਉਸ ਦੇ ਮੁਵੱਕਿਲ ‘ਤੇ ਲੱਗੇ ਦੋਸ਼ਾਂ ਨੂੰ ਮਨਘੜਤ ਦੱਸਿਆ। ਕੋਰਟ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਫੈਸਲਾ ਰਾਖਵਾਂ ਰੱਖ ਲਿਆ। ਕੋਰਟ ਨੇ ਮਗਰੋਂ ਫੈਸਲਾ ਸੁਣਾਉਂਦਿਆਂ ਕੌਮੀ ਇਹਤਸਾਬ ਬਿਊੁਰੋ ਨੂੰ ਖ਼ਾਨ ਦਾ ਅੱਠ ਦਿਨਾ ਰਿਮਾਂਡ ਦੇ ਦਿੱਤਾ।
‘ਦਿ ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਨੇ ਆਪਣੀ ਇਕ ਰਿਪੋਰਟ ਵਿੱਚ ਕਿਹਾ ਕਿ ਖ਼ਾਨ ਨੇ ਇਕ ਬਿਆਨ ਵਿੱਚ ਇਹਤਸਾਬ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਜਾਨ ਦਾ ਖ਼ਤਰਾ ਹੈ। ਖਾਨ ਨੇ ਕਿਹਾ, ”ਮੈਂ ਪਿਛਲੇ 24 ਘੰਟਿਆਂ ਤੋਂ ਪਖਾਨੇ ਨਹੀਂ ਗਿਆ।” ਖਾਨ ਨੇ ਕੋਰਟ ਨੂੰ ਅਪੀਲ ਕੀਤੀ ਕਿ ਉਹਦੇ ਡਾਕਟਰ ਫ਼ੈਸਲ ਸੁਲਤਾਨ ਨੂੰ ਉਸ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ। ਖ਼ਾਨ ਨੇ ਕਿਹਾ, ”ਮੈਨੂੰ ਡਰ ਹੈ ਕਿ ਮੇਰਾ ਵੀ ‘ਮਕਸੂਦ ਚਪੜਾਸੀ’ ਵਾਲਾ ਹਸ਼ਰ ਹੋਵੇਗਾ।” ਮਕਸੂਦ ਚਪੜਾਸੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਦਾ ਗਵਾਹ ਸੀ, ਜਿਸ ਦੀ ਪਿਛਲੇ ਸਾਲ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਖ਼ਾਨ ਦੀ ਪਾਰਟੀ ਨੇ ਚਸ਼ਮਦੀਦ ਦੀ ਮੌਤ ਨੂੰ ‘ਭੇਤਭਰੀ’ ਕਰਾਰ ਦਿੱਤਾ ਸੀ।
ਇਸ ਦੌਰਾਨ ਖ਼ਾਨ ਨੂੰ ਜ਼ਿਲ੍ਹਾ ਤੇ ਸੈਸ਼ਨ ਕੋਰਟ ਵਿੱਚ ਵੀ ਪੇਸ਼ ਕੀਤਾ ਗਿਆ, ਜਿੱਥੇ ਜੱਜ ਹਮਾਯੂੰ ਦਿਲਾਵਰ ਨੇ ਉਨ੍ਹਾਂ ਨੂੰ ਤੋਸ਼ਾਖਾਨਾ ਭ੍ਰਿਸ਼ਟਾਚਾਰ ਕੇਸ ਵਿਚ ਦੋਸ਼ੀ ਕਰਾਰ ਦਿੱਤਾ। ਖ਼ਾਨ ‘ਤੇ ਪ੍ਰਧਾਨ ਮੰਤਰੀ ਰਹਿੰਦਿਆਂ ਮਿਲੇ ਮਹਿੰਗੇ ਤੋਹਫ਼ੇ, ਜੋ ਤੋਸ਼ਾਖਾਨਾ ਵਿੱਚ ਜਮ੍ਹਾਂ ਕਰਵਾਉਣੇ ਹੁੰਦੇ ਹਨ, ਕਥਿਤ ਵੱਢੀ ਦੇ ਕੇ ਸਸਤੇ ਭਾਅ ਖਰੀਦਣ ਦਾ ਦੋਸ਼ ਸੀ। ਇਨ੍ਹਾਂ ਤੋਹਫ਼ਿਆਂ ਵਿੱਚ ਮਹਿੰਗੀ ਹੱਥ ਘੜੀ ਵੀ ਸੀ। 1974 ਵਿੱਚ ਸਥਾਪਿਤ ਤੋਸ਼ਾਖਾਨਾ ਇਕ ਪੂਰਾ ਵਿਭਾਗ ਹੈ, ਜੋ ਕੈਬਨਿਟ ਡਿਵੀਜ਼ਨ ਦੇ ਪ੍ਰਸ਼ਾਸਕੀ ਕੰਟਰੋਲ ਅਧੀਨ ਹੈ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਇਹ ਕੇਸ ਪਿਛਲੇ ਸਾਲ ਦਰਜ ਕਰਵਾਇਆ ਸੀ ਤੇ ਖ਼ਾਨ ਪਿਛਲੇ ਕੁਝ ਮਹੀਨਿਆਂ ਤੋਂ ਪੇਸ਼ੀ ਤੋਂ ਟਲਦੇ ਆ ਰਹੇ ਸਨ।
ਉਪਰੋਕਤ ਦੋਵਾਂ ਕੇਸਾਂ ਦੀ ਸੁਣਵਾਈ ਲਈ ਇਸਲਾਮਾਬਾਦ ਦੇ ਉੱਚ ਸੁਰੱਖਿਆ ਵਾਲੇ ਪੁਲੀਸ ਲਾਈਨ ਹੈੱਡਕੁਆਟਰਜ਼ ਦੇ ਨਵੇਂ ਪੁਲੀਸ ਗੈਸਟ ਹਾਊਸ ਨੂੰ ਕੋਰਟ ਐਲਾਨਿਆ ਗਿਆ ਸੀ। ਮੀਡੀਆ ਤੇ ਪੀਟੀਆਈ ਆਗੂਆਂ ਨੂੰ ਸੁਣਵਾਈ ਤੋਂ ਲਾਂਭੇ ਰੱਖਿਆ ਗਿਆ। ਇਨ੍ਹਾਂ ਵਿੱਚ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਸ਼ਾਹ ਮਹਿਮੂਦ ਕੁਰੈਸ਼ੀ ਤੇ ਸਕੱਤਰ ਜਨਰਲ ਅਸਦ ਉਮਰ ਵੀ ਸ਼ਾਮਲ ਸਨ।
ਮਗਰੋਂ ਇਕ ਵੀਡੀਓ ਸੁਨੇਹੇ ਵਿਚ ਕੁਰੈਸ਼ੀ ਨੇ ਕਿਹਾ ਕਿ ਇਸਲਾਮਾਬਾਦ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। -ਪੀਟੀਆਈ
ਪਾਕਿਸਤਾਨ ਵਿੱਚ ਕਾਨੂੰਨ ਦੀ ਪਾਲਣਾ ਹੋਵੇ: ਅਮਰੀਕਾ
ਵਾਸ਼ਿੰਗਟਨ: ਅਮਰੀਕਾ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭ੍ਰਿਸ਼ਟਾਚਾਰ ਕੇਸ ਵਿੱਚ ਗ੍ਰਿਫਤਾਰੀ ਦੇ ਹਵਾਲੇ ਨਾਲ, ਪਾਕਿਸਤਾਨ ਵਿਚ ਜਮਹੂਰੀ ਸਿਧਾਂਤਾਂ ਤੇ ਕਾਨੂੰਨ ਦਾ ਸਤਿਕਾਰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀੲਰੇ ਨੇ ਨਿਯਮਤ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ”ਅਸੀਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਜਾਣੂ ਹਾਂ। ਜਿਵੇਂ ਕਿ ਅਸੀਂ ਪਹਿਲਾਂ ਕਿਹਾ ਹੈ, ਅਮਰੀਕਾ ਇਕ ਸਿਆਸੀ ਉਮੀਦਵਾਰ ਜਾਂ ਪਾਰਟੀ ਬਨਾਮ ਹੋਰ ਨੂੰ ਲੈ ਕੇ ਆਪਣੀ ਪੁਜ਼ੀਸ਼ਨ ਤੈਅ ਨਹੀਂ ਕਰਦਾ।” ਉਧਰ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਇਮਰਾਨ ਦੀ ਗ੍ਰਿਫਤਾਰੀ ਪਾਕਿਸਤਾਨ ਦਾ ਅੰਦਰੂਨੀ ਮਸਲਾ ਹੈ, ਪਰ ਯੂਕੇ ਨੇ ਹਾਲਾਤ ‘ਤੇ ਨੇੜਿਓਂ ਨਜ਼ਰ ਬਣਾਈ ਹੋਈ ਹੈ। ਉਧਰ ਯੂਐੱਨ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਵੀ ਪਾਕਿਸਤਾਨੀ ਅਥਾਰਿਟੀਜ਼ ਨੂੰ ਲੋੜੀਂਦੇ ਕਾਨੂੰਨੀ ਅਮਲ ਦੇ ਸਤਿਕਾਰ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਹਿੰਸਾ ਤੋਂ ਗੁਰੇਜ਼ ਕਰਨ। -ਪੀਟੀਆਈ
ਸੁਪਰੀਮ ਕੋਰਟ ਵੱਲੋਂ ਪਟੀਸ਼ਨ ਖਾਰਜ
ਇਸਲਾਮਾਬਾਦ: ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵੱਲੋਂ ਇਸਲਾਮਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹਾਈ ਕੋਰਟ ਨੇ ਕੌਮੀ ਇਹਤਸਾਬ ਬਿਊਰੋ (ਐੱਨਏਬੀ) ਵੱਲੋਂ ਸਾਬਕਾ ਪ੍ਰਧਾਨ ਮੰਤਰੀ ਦੀ ਗ੍ਰਿਫ਼ਤਾਰੀ ਨੂੰ ਕਾਨੂੰਨੀ ਤੌਰ ‘ਤੇ ਜਾਇਜ਼ ਕਰਾਰ ਦਿੱਤਾ ਸੀ। ਪੀਟੀਆਈ ਨੇ ਹਾਈ ਕੋਰਟ ਦੇ ਇਸੇ ਫੈਸਲੇ ਖਿਲਾਫ਼ ਸਿਖਰਲੀ ਕੋਰਟ ਦਾ ਰੁਖ਼ ਕੀਤਾ ਸੀ। ਖ਼ਾਨ ਦੀ ਗ੍ਰਿਫ਼ਤਾਰੀ ਮਗਰੋਂ ਪੀਟੀਆਈ ਦੇ ਉਪ ਚੇਅਰਮੈਨ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੱਤ ਮੈਂਬਰੀ ਕਮੇਟੀ ਦੀ ਹੰਗਾਮੀ ਮੀਟਿੰਗ ਸੱਦ ਕੇ ਭਵਿੱਖੀ ਰਣਨੀਤੀ ‘ਤੇ ਵਿਚਾਰ ਚਰਚਾ ਕੀਤੀ ਸੀ। ਮੀਟਿੰਗ ਉਪਰੰਤ ਸੀਨੀਅਰ ਪੀਟੀਆਈ ਆਗੂ ਨੇ ਸੁਪਰੀਮ ਕੋਰਟ ਜਾਣ ਦੀ ਵਿਉਂਤ ਦਾ ਖੁਲਾਸਾ ਕੀਤਾ ਸੀ।