ਕੋਲਕਾਤਾ, 7 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੋਵਿਡ-19 ਖ਼ਿਲਾਫ਼ ਲੜਾਈ ਵਿਚ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਮਹਾਮਾਰੀ ਵਿਰੋਧੀ ਟੀਕਿਆਂ ਦੀਆਂ 150 ਕਰੋੜ ਖੁਰਾਕਾਂ ਦੇ ਕੇ ਇਕ ਇਤਿਹਾਸਕ ਮੁਕਾਮ ਹਾਸਲ ਕੀਤਾ ਹੈ ਅਤੇ ਦੁਨੀਆਂ ਦੇ ਜ਼ਿਆਦਾਤਰ ਵੱਡੇ-ਵੱਡੇ ਦੇਸ਼ਾਂ ਲਈ ਵੀ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਕੋਲਕਾਤਾ ਸਥਿਤ ਚਿੱਤਰੰਜਨ ਕੌਮੀ ਕੈਂਸਰ ਸੰਸਥਾ (ਸੀਐੱਨਸੀਆਈ) ਦੇ ਦੂਜੇ ਕੰਪਲੈਕਸ ਦਾ ਵੀਡੀਓ ਕਾਨਫ਼ਰੰਸਿੰਗ ਰਾਹੀਂ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਪਲਬਧੀ ਭਾਰਤ ਦੇ 130 ਕਰੋੜ ਲੋਕਾਂ ਦੇ ਤਾਲਮੇਲ ਦਾ ਪ੍ਰਤੀਕ ਹੈ। ਇਸ ਮੌਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਸਣੇ ਕਈ ਕੇਂਦਰੀ ਮੰਤਰੀ ਤੇ ਆਗੂ ਹਾਜ਼ਰ ਸਨ। -ਪੀਟੀਆਈ