ਨਵੀਂ ਦਿੱਲੀ, 16 ਮਈ
ਕੇਂਦਰ ਨੇ ਆਪਣੇ ਵੱਖ-ਵੱਖ ਵਿਭਾਗਾਂ ਵਿਚ ਠੇਕੇ ਦੇ ਆਧਾਰ ‘ਤੇ ਨਿੱਜੀ ਖੇਤਰ ਦੇ ਮਾਹਿਰਾਂ ਨੂੰ ਸੰਯੁਕਤ ਸਕੱਤਰ, ਡਾਇਰੈਕਟਰ ਅਤੇ ਉਪ ਸਕੱਤਰਾਂ ਵਜੋਂ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਅਮਲਾ ਅਤੇ ਸਿਖਲਾਈ ਵਿਭਾਗ ਨੇ ਯੂਪੀਐੱਸਸੀ ਨੂੰ 12 ਸਰਕਾਰੀ ਵਿਭਾਗਾਂ/ਮੰਤਰਾਲਿਆਂ ਵਿੱਚ ‘ਲੇਟਰਲ ਐਂਟਰੀ’ ਰਾਹੀਂ ਭਰਤੀ ਕਰਨ ਦੀ ਅਪੀਲ ਕੀਤੀ ਹੈ। ਪ੍ਰਸਤਾਵਿਤ ਭਰਤੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਰਸਾਇਣ ਅਤੇ ਪੈਟਰੋ ਕੈਮੀਕਲ ਵਿਭਾਗ, ਰਸਾਇਣ ਅਤੇ ਖਾਦ ਮੰਤਰਾਲੇ, ਕਾਰਪੋਰੇਟ ਮਾਮਲੇ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਵਿਭਾਗ, ਭਾਰੀ ਉਦਯੋਗ ਤੇ ਹੋਰ ਮੰਤਰਾਲੇ ਲਈ ਕੀਤੀ ਜਾਵੇਗੀ। ਉਮੀਦਵਾਰਾਂ ਲਈ ਵਿਸਤ੍ਰਿਤ ਇਸ਼ਤਿਹਾਰ ਅਤੇ ਸਬੰਧਤ ਦਿਸ਼ਾ-ਨਿਰਦੇਸ਼ 20 ਮਈ ਨੂੰ ਯੂਪੀਐੱਸਸੀ ਦੀ ਵੈੱਬਸਾਈਟ ‘ਤੇ ਪਾ ਦਿੱਤੇ ਜਾਣਗੇ। ਇੱਛੁਕ ਉਮੀਦਵਾਰ 20 ਮਈ ਤੋਂ 19 ਜੂਨ ਤੱਕ ਅਪਲਾਈ ਕਰ ਸਕਦੇ ਹਨ।