ਪੁਣਛ/ਜੰਮੂ, 18 ਮਈ
ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਅੱਜ ਇੱਕ ਸ਼ੱਕੀ ਅਤਿਵਾਦੀ ਛੁਪਣਗਾਹ ਦਾ ਪਰਦਾਫਾਸ਼ ਕਰਦਿਆਂ ਧਮਾਕਾਖ਼ੇਜ਼ ਸਮੱਗਰੀ ਬਰਾਮਦ ਕੀਤੀ ਹੈ। ਇੱਕ ਅਧਿਕਾਰਿਤ ਸੂਤਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਲਾਨੀ ਇਲਾਕੇ ਵਿੱਚ 39 ਰਾਸ਼ਟਰੀ ਰਾਈਫਲਜ਼ ਤੇ ਸਪੈਸ਼ਲ ਆਪਰੇਸ਼ਨਜ਼ ਗਰੁੱਪ ਵੱਲੋਂ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਫੌਜ ਦੇ ਸੂਹੀਆ ਕੁੱਤਿਆਂ ਨੇ ਇੱਕ ਛੁਪਣਗਾਹ ਤੋਂ ਕੁੱਝ ਸ਼ੱਕੀ ਬਾਰੂਦੀ ਸੁਰੰਗਾਂ (ਆਈਈਡੀ) ਅਤੇ ਹੋਰ ਸਮੱਗਰੀ ਦਾ ਪਤਾ ਲਗਾਇਆ ਹੈ। ਮੇਂਧਰ ਦੇ ਐੱਸਐੱਚਓ ਸਜਾਦ ਅਹਿਮਦ ਨੇ ਕਿਹਾ ਕਿ ਸ਼ੱਕੀ ਆਈਈਡੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਧਮਾਕਾਖੇਜ਼ ਸਮੱਗਰੀ ਨੂੰ ਬੰਬ ਨਕਾਰਾ ਦਸਤੇ ਵੱਲੋਂ ਨਸ਼ਟ ਕਰ ਦਿੱਤਾ ਗਿਆ ਹੈ। ਇਸ ਨੂੰ ਨਸ਼ਟ ਕਰਨ ਮੌਕੇ ਪਿੰਡ ਦਾ ਸਰਪੰਚ ਤੇ ਇਲਾਕੇ ਦੇ ਮੋਹਤਬਰ ਮੌਜੂਦ ਸਨ। -ਪੀਟੀਆਈ