ਲਾਹੌਰ, 19 ਮਈ
ਪਾਕਿਸਤਾਨੀ ਪੁਲੀਸ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਲਾਹੌਰ ਘਰ ਦੀ ਤਲਾਸ਼ੀ ਲੈਣ ਦੀ ਤਿਆਰੀ ‘ਚ ਹੈ। ਸੂਬਾਈ ਸਰਕਾਰ ਦੇ ਅਧਿਕਾਰੀ ਨੇ ਕਿਹਾ ਕਿ ਇਸ ਅਪਰੇਸ਼ਨ ਕਾਰਨ ਹਿੰਸਾ ਭੜਕ ਸਕਦੀ ਹੈ। ਪੰਜਾਬ ਸੂਬੇ ਦੇ ਸੂਚਨਾ ਮੰਤਰੀ ਅਮੀਰ ਮੀਰ ਨੇ ਕਿਹਾ ਕਿ ਸ਼ਹਿਰ ਦੇ ਪੁਲੀਸ ਕਮਿਸ਼ਨਰ ਦੀ ਅਗਵਾਈ ਹੇਠ ਸੈਂਕੜੇ ਪੁਲੀਸ ਕਰਮਚਾਰੀ ਅੱਜ ਕਿਸੇ ਵੇਲੇ ਤਲਾਸ਼ੀ ਮੁਹਿੰਮ ਚਲਾਉਣਗੇ। ਉਨ੍ਹਾਂ ਕਿਹਾ,’ਸਾਡੇ ਕੋਲ ਜਾਣਕਾਰੀ ਹੈ ਕਿ ਉੱਥੇ 40 ਅਤਿਵਾਦੀ ਲੁਕੇ ਹੋਏ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਸਾਨੂੰ ਘਰ ਦੀ ਤਲਾਸ਼ੀ ਲਈ 400 ਪੁਲੀਸ ਮੁਲਾਜ਼ਮਾਂ ਦੀ ਲੋੜ ਪਵੇਗੀ।
ਇਸ ਦੌਰਾਨ ਪਾਕਿਸਤਾਨ ਦੀ ਅਤਿਵਾਦ ਵਿਰੋਧੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਨ੍ਹਾਂ ਦੀ 9 ਮਈ ਦੀ ਗ੍ਰਿਫਤਾਰੀ ਤੋਂ ਬਾਅਦ ਦਰਜ ਕੀਤੇ ਤਿੰਨ ਮਾਮਲਿਆਂ ਵਿੱਚ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਦੇ ਦਿੱਤੀ ਹੈ। ਲਾਹੌਰ ਦੀ ਅਤਿਵਾਦ ਰੋਕੂ ਅਦਾਲਤ (ਏਟੀਸੀ) ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਦੇ ਚੇਅਰਮੈਨ ਇਮਰਾਨ (70) ਨੂੰ 2 ਜੂਨ ਤੱਕ ਗ੍ਰਿਫ਼ਤਾਰੀ ਤੋਂ ਸੁਰੱਖਿਆ ਦਿੰਦੇ ਹੋਏ ਜਾਂਚ ਵਿੱਚ ਸਹਿਯੋਗ ਕਰਨ ਦਾ ਨਿਰਦੇਸ਼ ਦਿੱਤਾ ਹੈ।