ਹੀਰੋਸ਼ੀਮਾ, 21 ਮਈ
ਅਮਰੀਕਾ ਦੇ ਇੱਕ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਇੱਥੇ ਆਪਣੇ ਭਾਰਤੀ ਹਮਰੁਤਬਾ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੇ ਮਹੀਨੇ ਹੋਣ ਵਾਲੀ ਅਮਰੀਕਾ ਦੀ ਯਾਤਰਾ ਦੋਵਾਂ ਮੁਲਕਾਂ ਵਿਚਾਲੇ ਡੂੰਘੀ ਭਾਈਵਾਲੀ ਦਾ ਜਸ਼ਨ ਮਨਾਏਗੀ। ਰਾਸ਼ਟਰਪਤੀ ਜੋਅ ਬਾਇਡਨ ਤੇ ਪ੍ਰਥਮ ਮਹਿਲਾ ਜਿੱਲ ਬਾਇਡਨ ਦੇ ਸੱਦੇ ‘ਤੇ ਪ੍ਰਧਾਨ ਮੰਤਰੀ ਮੋਦੀ ਅਗਲੇ ਮਹੀਨੇ ਅਮਰੀਕਾ ਦੀ ਯਾਤਰਾ ‘ਤੇ ਜਾਣਗੇ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਤੇ ਪ੍ਰਥਮ ਮਹਿਲਾ ਮੋਦੀ ਲਈ 22 ਜੂਨ ਨੂੰ ਵਿਸ਼ੇਸ਼ ਤੌਰ ‘ਤੇ ਸਰਕਾਰੀ ਭੋਜ ਵੀ ਰੱਖਣਗੇ। ਮੋਦੀ ਦੀ ਯਾਤਰਾ ਸਤੰਬਰ ‘ਚ ਭਾਰਤ ਵੱਲੋਂ ਕਰਵਾਏ ਜਾਣ ਵਾਲੇ ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਹੋ ਰਹੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਉਨ੍ਹਾਂ ਦੀ ਜੀ-7 ਸੰਮੇਲਨ ਦਰਮਿਆਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਹੋਈ ਮੁਲਾਕਾਤ ਦੌਰਾਨ ਸ਼ਾਨਦਾਰ ਵਿਚਾਰ ਚਰਚਾ ਹੋਈ ਹੈ। ਬਲਿੰਕਨ ਨੇ ਟਵੀਟ ਕੀਤਾ, ‘ਅਸੀਂ ਜੂਨ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਜਾਣ ਵਾਲੀ ਯਾਤਰਾ ਨੂੰ ਲੈ ਕੇ ਉਤਸ਼ਾਹਿਤ ਹਾਂ। ਉਨ੍ਹਾਂ ਦੀ ਯਾਤਰਾ ਭਾਰਤ ਤੇ ਅਮਰੀਕਾ ਵਿਚਾਲੇ ਡੂੰਘੀ ਭਾਈਵਾਲੀ ਦਾ ਜਸ਼ਨ ਮਨਾਏਗੀ।’ ਜੈਸ਼ੰਕਰ ਨੇ ਬਲਿੰਕਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਵੀ ਇਸ ਯਾਤਰਾ ਨੂੰ ਲੈ ਕੇ ਉਤਸ਼ਾਹਿਤ ਹਨ। -ਪੀਟੀਆਈ