ਸਿਡਨੀ, 23 ਮਈ
ਮੁੱਖ ਅੰਸ਼
- ਸਿਡਨੀ ਕੁਡੋਜ਼ ਐਰੀਨਾ ਵਿੱਚ 21 ਹਜ਼ਾਰ ਤੋਂ ਵੱਧ ਪਰਵਾਸੀ ਭਾਈਚਾਰੇ ਦੇ ਲੋਕ ਸ਼ਾਮਲ ਹੋਏੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਦੂਜੇ ਪ੍ਰਤੀ ਭਰੋਸਾ ਤੇ ਸਤਿਕਾਰ ਭਾਰਤ ਤੇ ਆਸਟਰੇਲੀਆ ਦੇ ਰਿਸ਼ਤਿਆਂ ਦੀ ਸਭ ਤੋਂ ਮਜ਼ਬੂਤ ਤੇ ਵੱਡੀਆਂ ਨੀਹਾਂ ਹਨ। ਉਨ੍ਹਾਂ ਕਿਹਾ ਕਿ ਇਸ ਪਿਛਲਾ ਅਸਲ ਕਾਰਨ ਇਥੇ ਵੱਸਦਾ ਭਾਰਤੀ ਪਰਵਾਸੀ ਭਾਈਚਾਰਾ ਹੈ। ਸ੍ਰੀ ਮੋਦੀ ਨੇ ਇਹ ਗੱਲ ਸਿਡਨੀ ਦੇ ਕੁਡੋਜ਼ ਬੈਂਕ ਐਰੀਨਾ ਵਿੱਚ ਰੱਖੇ ਕਮਿਊਨਿਟੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਸਮਾਗਮ ਵਿੱਚ ਆਸਟਰੇਲੀਆ ਭਰ ਤੋਂ 21 ਹਜ਼ਾਰ ਤੋਂ ਵੱਧ ਲੋਕ ਸ਼ਾਮਲ ਹੋਏ। ਇਸ ਮੌਕੇ ਆਸਟਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਵੀ ਮੌਜੂਦ ਸਨ। ਐਲਬਨੀਜ਼ ਨੇ ਸ੍ਰੀ ਮੋਦੀ ਦਾ ‘ਪਿਆਰੇ ਮਿੱਤਰ’ ਕਹਿ ਕੇ ਸਵਾਗਤ ਕੀਤਾ। ਉਨ੍ਹਾਂ ਸ੍ਰੀ ਮੋਦੀ ਦੀ ਤੁਲਨਾ ਅਮਰੀਕੀ ਗਾਇਕ ਬਰੂਸ ਸਪਰਿੰਗਸਟੀਨ ਨਾਲ ਕਰਦਿਆਂ ਕਿਹਾ ਕਿ ਉਹ(ਮੋਦੀ) ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਦਾ ‘ਰੌਕ ਸਟਾਰ ਵਾਂਗ ਸਵਾਗਤ’ ਹੁੰਦਾ ਹੈ। ਸ੍ਰੀ ਮੋਦੀ ਤਿੰਨ ਦੇਸ਼ਾਂ ਦੀ ਫੇਰੀ ਦੇ ਆਖਰੀ ਤੇ ਤੀਜੇ ਪੜਾਅ ਤਹਿਤ ਸੋਮਵਾਰ ਰਾਤ ਸਿਡਨੀ ਪੁੱਜੇ ਸਨ।
ਸ੍ਰੀ ਮੋਦੀ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਭਾਰਤ ਤੇ ਆਸਟਰੇਲੀਆ ਦੇ ਰਿਸ਼ਤਿਆਂ ਨੂੰ ਪਰਿਭਾਸ਼ਤ ਕਰਨ ਲਈ ਤਿੰਨ ‘ਸੀ’- ਕਾਮਨਵੈੱਲਥ, ਕ੍ਰਿਕਟ ਤੇ ਕਰੀ ਵਰਤੇ ਜਾਂਦੇ ਸਨ। ਉਨ੍ਹਾਂ ਕਿਹਾ, ”ਇਸ ਮਗਰੋਂ ਤਿੰਨ ‘ਡੀ’….ਡੈਮੋਕਰੈਸੀ, ਡਾਇਸਪੋਰਾ ਤੇ ਦੋਸਤ! ਫਿਰ ਇਹ 3 ‘ਈ’ ਬਣੇ….ਐਨਰਜੀ, ਇਕਾਨਮੀ ਤੇ ਐਜੂਕੇਸ਼ਨ। ਪਰ ਸੱਚ ਇਹ ਹੈ ਕਿ ਭਾਰਤ ਤੇ ਆਸਟਰੇਲੀਆ ਦੇ ਰਿਸ਼ਤੇ ਦੀ ਡੂੰਘਾਈ ਇਨ੍ਹਾਂ ਸੀ, ਡੀ ਤੇ ਈ….ਦੀਆਂ ਹੱਦਾਂ ਨੂੰ ਲੰਘ ਚੁੱਕੀ ਹੈ।” ਪ੍ਰਧਾਨ ਮੰਤਰੀ ਨੇ ਕਿਹਾ, ”ਇਸ ਰਿਸ਼ਤੇ ਦੀਆਂ ਸਭ ਤੋਂ ਮਜ਼ਬੂਤ ਤੇ ਵੱਡੀਆਂ ਨੀਹਾਂ ਅਸਲ ਵਿੱਚ ਪਰਸਪਰ ਵਿਸ਼ਵਾਸ ਤੇ ਪਰਸਪਰ ਸਤਿਕਾਰ ਹੈ; ਅਤੇ ਇਸ ਪਿਛਲਾ ਅਸਲ ਕਾਰਨ ਭਾਰਤੀ ਡਾਇਸਪੋਰਾ (ਪਰਵਾਸੀ ਭਾਈਚਾਰਾ) ਹੈ।” ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਆਸਟਰੇਲੀਆ ਦਰਮਿਆਨ ਭੂਗੋਲਿਕ ਫਾਸਲੇ ਹਨ, ਪਰ ਹਿੰਦ ਮਹਾਸਾਗਰ ਸਾਨੂੰ ਜੋੜਦਾ ਹੈ। ਦੋਵਾਂ ਮੁਲਕਾਂ ਦੀ ਜੀਵਨ ਸ਼ੈਲੀ ਕਿੰਨੀ ਵੀ ਵੱਖਰੀ ਹੋਵੇ, ਯੋਗ ਸਾਨੂੰ ਜੋੜਦਾ ਹੈ! ਕ੍ਰਿਕਟ ਨੇ ਸਾਨੂੰ ਉਮਰਾਂ ਤੋਂ ਜੋੜੀ ਰੱਖਿਆ ਹੈ…ਅਤੇ ਹੁਣ ਟੈਨਿਸ ਤੇ ਫਿਲਮਾਂ ਵੀ ਜੋੜਨ ਵਾਲੇ ਹੋਰ ਸੇਤੂ ਹਨ। ਕ੍ਰਿਕਟ ਦੇ ਮੈਦਾਨ ‘ਤੇ ਜਿੰਨਾ ਦਿਲਚਸਪ ਮੁਕਾਬਲਾ ਹੁੰਦਾ ਹੈ, ਮੈਦਾਨ ਦੇ ਬਾਹਰ ਓਨੀ ਹੀ ਡੂੰਘੀ ਸਾਡੀ ਦੋਸਤੀ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਆਸਟਰੇਲੀਅਨ ਸਪਿੰਨ ਗੇਂਦਬਾਜ਼ ਸ਼ੇਨ ਵਾਰਨ ਦੇ ਅਕਾਲ ਚਲਾਣੇ ‘ਤੇ ਲੱਖਾਂ ਭਾਰਤੀ ਉਦਾਸ ਸਨ।
ਸ੍ਰੀ ਮੋਦੀ ਨੇ ਕਿਹਾ ਕਿ ਕੌਮਾਂਤਰੀ ਮੁਦਰਾ ਫੰਡ ਭਾਰਤ ਨੂੰ ਆਲਮੀ ਅਰਥਚਾਰੇ ਦਾ ਉਭਰਦਾ ਮੁਲਕ ਮੰਨਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਚੁਣੌਤੀਪੂਰਨ ਸਮਿਆਂ ਵਿੱਚ ਰਿਕਾਰਡ ਬਰਾਮਦ ਕੀਤੀ ਹੈ ਤੇ ਭਾਰਤ ਵਿੱਚ ਸਮਰੱਥਾ ਤੇ ਸਰੋਤਾਂ ਦੀ ਕੋਈ ਘਾਟ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਮਾਗਮ ਦੌਰਾਨ ਆਸਟਰੇਲੀਅਨ ਹਮਰੁਤਬਾ ਦਾ ‘ਧੰਨਵਾਦ ਮੇੇਰੇ ਦੋਸਤ ਐਂਂਥਨੀ’ ਕਹਿ ਕੇ ਸ਼ੁਕਰੀਆ ਅਦਾ ਕੀਤਾ।
ਉਧਰ ਆਸਟਰੇਲੀਅਨ ਪ੍ਰਧਾਨ ਮੰਤਰੀ ਐਲਬਨੀਜ਼ ਨੇ ਕਿਹਾ ਕਿ ਸ੍ਰੀ ਮੋਦੀ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਦਾ ‘ਰੌਕ ਸਟਾਰ ਵਾਂਗ ਸਵਾਗਤ’ ਹੁੰਦਾ ਹੈ। ਐਲਬਨੀਜ਼ ਨੇ ਕਿਹਾ, ”ਇਸ ਤੋਂ ਪਹਿਲਾਂ ਇਸ ਮੰਚ ‘ਤੇ ਅਮਰੀਕੀ ਗਾਇਕ ਬਰੂਸ ਸਪਰਿੰਗਸਟੀਨ ਦਾ ਇੰਨਾ ਜ਼ੋਰਦਾਰ ਸਵਾਗਤ ਹੋਇਆ ਸੀ। ਪ੍ਰਧਾਨ ਮੰਤਰੀ ਮੋਦੀ ਬੌਸ ਹਨ।” ਐਲਬਨੀਜ਼ ਨੇ ‘ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਜੋਸ਼’ ਨੂੰ ਆਸਟਰੇਲੀਆ ਲਿਆਉਣ ਲਈ ਸ੍ਰੀ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸੇ ਜਮਹੂਰੀਅਤ ਨੇ ‘ਸਾਡੇ ਲੋਕਤੰਤਰ ਨੂੰ ਮਜ਼ਬੂਤ ਤੇ ਵਧੇਰੇ ਸਮਲਿਤ ਬਣਾਉਣ’ ਵਿੱਚ ਮਦਦ ਕੀਤੀ ਹੈ। ਐਲਬਨੀਜ਼ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਾਰੋਬਾਰੀ ਤੇ ਸਿੱਖਿਆ ਸੈਕਟਰਾਂ ਸਣੇ ਦੋਵਾਂ ਮੁਲਕਾਂ ਦੇ ਰਿਸ਼ਤੇ ਹੋਰ ਮਜ਼ਬੂਤ ਹੋਣ। ਆਸਟਰੇਲੀਅਨ ਪ੍ਰਧਾਨ ਮੰਤਰੀ ਨੇ ਆਪਣੇ ਹਾਲੀਆ ਭਾਰਤ ਦੌਰੇ ਦੀਆਂ ਯਾਦਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ”ਮੈਂ ਭਾਰਤ ਵਿੱਚ ਜਿੱਥੇ ਵੀ ਗਿਆ, ਉਥੇ ਮੈਨੂੰ ਆਸਟਰੇਲੀਆ ਤੇ ਭਾਰਤ ਦੇ ਲੋਕਾਂ ਵਿੱਚ ਡੂੰਘੀ ਨੇੜਤਾ ਮਹਿਸੂਸ ਹੋਈ।” ਇਸ ਤੋਂ ਪਹਿਲਾਂ ਸ੍ਰੀ ਮੋਦੀ ਤੇ ਐਲਬਨੀਜ਼ ਦਾ ਸਮਾਗਮ ਵਾਲੀ ਥਾਂ ਪੁੱਜਣ ‘ਤੇ ਮੰਤਰਾਂ ਦੇ ਉਚਾਰਨ ਤੇ ਰਵਾਇਤੀ ਪ੍ਰਾਚੀਨ ਆਸਟਰੇਲੀਅਨ ਰਸਮ ਨਾਲ ਸਵਾਗਤ ਕੀਤਾ ਗਿਆ। -ਪੀਟੀਆਈ
ਬ੍ਰਿਸਬੇਨ ‘ਚ ਨਵਾਂ ਭਾਰਤੀ ਕੌਂਸੁਲੇਟ ਖੋਲ੍ਹਣ ਦਾ ਐਲਾਨ
ਸਿਡਨੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਸਬੇਨ ਵਿੱਚ ਭਾਰਤੀ ਕੌਂਸੁਲੇਟ ਖੋੋਲ੍ਹਣ ਦਾ ਐਲਾਨ ਕੀਤਾ ਹੈ। ਭਾਰਤੀ ਪਰਵਾਸੀ ਭਾਈਚਾਰੇ ਵੱਲੋਂ ਲੰਮੇ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ। ਮੌਜੂਦਾ ਸਮੇਂ ਸਿਡਨੀ, ਮੈਲਬਰਨ ਤੇ ਪਰਥ ਵਿੱਚ ਭਾਰਤ ਦੇ ਕੌਂਸੁਲੇਟ ਹਨ ਜਦੋਂਕਿ ਬ੍ਰਿਸਬੇਨ ਆਨਰੇਰੀ ਕੌਂਸੁਲੇਟ ਸੀ। ਸ੍ਰੀ ਮੋਦੀ ਨੇ ਕਿਹਾ, ”ਬ੍ਰਿਸਬੇਨ ਵਿੱਚ ਨਵਾਂ ਭਾਰਤੀ ਕੌਂਸੁਲੇਟ ਜਲਦੀ ਹੀ ਖੋਲ੍ਹਿਆ ਜਾਵੇਗਾ।” -ਪੀਟੀਆਈ
ਮੋਦੀ ਤੇ ਐਲਬਨੀਜ਼ ਨੇ ‘ਲਿਟਲ ਇੰਡੀਆ’ ਗੇਟਵੇਅ ਦਾ ਨੀਂਹ ਪੱਥਰ ਰੱਖਿਆ
ਸਿਡਨੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਆਸਟਰੇਲੀਅਨ ਹਮਰੁਤਬਾ ਐਂਥਨੀ ਐਲਬਨੀਜ਼ ਨੇ ਇਥੇ ਹੈਰਿਸ ਪਾਰਕ ਵਿਚ ਬਣਨ ਵਾਲੇ ‘ਲਿਟਲ ਇੰਡੀਆ’ ਗੇਟਵੇਅ ਦਾ ਮਿਲ ਕੇ ਨੀਂਹ ਪੱਥਰ ਰੱਖਿਆ। ਹੈਰਿਸ ਪਾਰਕ ਪੱਛਮੀ ਸਿਡਨੀ ਵਿੱਚ ਹੱਬ ਹੈ, ਜਿੱਥੇ ਭਾਰਤੀ ਭਾਈਵਾਰੇ ਵੱਲੋਂ ਦੀਵਾਲੀ ਤੇ ਆਸਟਰੇਲੀਆ ਦਿਹਾੜੇ ਸਣੇ ਹੋਰ ਤਿਓਹਾਰ ਮਨਾਏ ਜਾਂਦੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਟਵੀਟ ਵਿੱਚ ਕਿਹਾ, ”ਭਾਰਤ ਤੇ ਆਸਟਰੇਲੀਆ ਦਰਮਿਆਨ ਭਾਰਤੀ ਪਰਵਾਸੀ ਭਾਈਚਾਰੇ ਦੀ ਇਕ ਸੇਤੂ ਵਜੋਂ ਭੂਮਿਕਾ ਨੂੰ ਪਛਾਣ ਦਿੰਦਿਆਂ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ ਹੈਰਿਸ ਪਾਰਕ, ਪੈਰਾਮਾਟਾ, ਸਿਡਨੀ ਵਿੱਚ ਬਣ ਰਹੇ ਹੈਰਿਸ ਪਾਰਕ ਦਾ ਨੀਂਹ ਪੱਥਰ ਰੱਖਿਆ। ਗੇਟਵੇਅ ਦੋਵਾਂ ਮੁਲਕਾਂ ਦੀ ਦੋਸਤੀ ਤੇ ਡਾਇਸਪੋਰਾ ਵੱਲੋਂ ਪਾਏ ਯੋਗਦਾਨ ਦਾ ਪ੍ਰਤੀਕ ਬਣੇਗਾ।” ਖੇਤਰ ਨੂੰ ‘ਲਿਟਲ ਇੰਡੀਆ’ ਨਾ ਦੇਣ ਦੀ ਪਹਿਲੀ ਤਜਵੀਜ਼ 2015 ਵਿੱਚ ਬਣੀ ਸੀ, ਪਰ ਜਿਓਗ੍ਰਾਫਿਕ ਨੇਮਜ਼ ਬੋਰਡ ਦੇ ਇਤਰਾਜ਼ ਮਗਰੋਂ ਅਮਲ ਰੁਕ ਗਿਆ ਸੀ।