ਲੰਡਨ, 25 ਮਈ
ਹੌਸਲੇ ਨਾਲ ਭਰੀ ਭਾਰਤੀ ਪੁਰਸ਼ ਹਾਕੀ ਟੀਮ ਭਲਕੇ 26 ਮਈ ਨੂੰ ਇੱਥੇ ਜਦੋਂ ਓਲੰਪੀਅਨ ਬੈਲਜੀਅਮ ਨਾਲ ਮੁਕਾਬਲੇ ਲਈ ਮੈਦਾਨ ‘ਚ ਉੱਤਰੇਗੀ ਤਾਂ ਉਹ ਪ੍ਰੋ ਲੀਗ ਦੇ ਯੂਰੋਪੀ ਗੇੜ ‘ਚ ਆਪਣੇ ਘਰੇਲੂ ਮੈਦਾਨ ਵਾਲੀ ਲੈਅ ਬਰਕਰਾਰ ਰੱਖਣਾ ਚਾਹੇਗੀ। ਭਾਰਤ ਤੇ ਬੈਲਜੀਅਮ ਵਿਚਾਲੇ ਮੈਚ ਨਾਲ ਪ੍ਰੋ ਲੀਗ ਸ਼ੁਰੂ ਹੋ ਰਹੀ ਹੈ। ਟੂਰਨਾਮੈਂਟ ਦੇ ਯੂਰੋਪੀ ਗੇੜ ਦੌਰਾਨ ਭਾਰਤ ਆਈਂਡਹੋਵੇਨ ‘ਚ ਮੇਜ਼ਬਾਨ ਨੈਦਰਲੈਂਡਜ਼ ਤੇ ਅਰਜਨਟੀਨਾ ਨਾਲ ਵੀ ਭਿੜੇਗਾ। ਭਾਰਤ ਇਸ ਸਾਲ ਦੀ ਸ਼ੁਰੂਆਤ ‘ਚ ਵਿਸ਼ਵ ਕੱਪ ‘ਚ ਨਿਰਾਸ਼ਾ ਭਰੇ ਪ੍ਰਦਰਸ਼ਨ ਤੋਂ ਉੱਭਰ ਕੇ 2022-23 ਦੀ ਪ੍ਰੋ ਲੀਗ ਸੂਚੀ ਵਿੱਚ ਸਿਖਰ ‘ਤੇ ਚੱਲ ਰਿਹਾ ਹੈ। ਟੀਮ ਇਸ ਦੌਰਾਨ ਵਿਸ਼ਵ ਚੈਂਪੀਅਨ ਜਰਮਨੀ ਤੇ ਆਸਟਰੇਲੀਆ ਦੀ ਮਜ਼ਬੂਤ ਟੀਮ ਖ਼ਿਲਾਫ਼ ਜੇਤੂ ਰਹੀ ਹੈ। ਭਾਰਤ ਨੇ ਰਾਊੜਕੇਲਾ ਗੇੜ ‘ਚ ਤਿੰਨ ਸਿੱਧੀਆਂ ਜਿੱਤਾਂ ਦਰਜ ਕੀਤੀਆਂ ਜਦਕਿ ਆਸਟਰੇਲੀਆ ਖ਼ਿਲਾਫ਼ ਚੌਥੇ ਮੈਚ ‘ਚ ਵੀ ਸ਼ੂਟਆਊਟ ਜਿੱਤ ਕੇ ਬੋਨਸ ਅੰਕ ਹਾਸਲ ਕੀਤੇ। ਭਾਰਤ ਅੱਠ ਮੈਚਾਂ ‘ਚ ਪੰਜ ਸਿੱਧੀਆਂ ਜਿੱਤਾਂ ਅਤੇ ਦੋ ਸ਼ੂਟ ਆਊਟ ਜਿੱਤ ਕੇ 19 ਅੰਕਾਂ ਨਾਲ ਅਜੇ ਵੀ ਅੰਕਾਂ ਦੀ ਸੂਚੀ ਵਿੱਚ ਸਿਖਰ ‘ਤੇ ਹੈ। ਯੂਰੋਪ ‘ਚ ਹੋਣ ਵਾਲੇ ਪ੍ਰੋ ਲੀਗ ਮੁਕਾਬਲੇ ਭਾਰਤ ਦੇ ਨਵੇਂ ਕੋਚ ਕਰੈਗ ਫੁਲਟਨ ਦੀ ਅਗਵਾਈ ਹੇਠ ਟੀਮ ਦੀ ਪਹਿਲੀ ਅਸਲ ਪ੍ਰੀਖਿਆ ਹੋਵੇਗੀ। -ਪੀਟੀਆਈ