ਨਵੀਂ ਦਿੱਲੀ, 10 ਜਨਵਰੀ
ਭਾਰਤ ਪੂਰਬੀ ਲੱਦਾਖ ਵਿਚ ਵਿਵਾਦ ਵਾਲੀਆਂ ਬਾਕੀ ਥਾਵਾਂ ‘ਤੇ ਮੁੱਦਿਆਂ ਨੂੰ ਹੱਲ ਕਰਨ ਲਈ ਚੀਨ ਨਾਲ ਰਚਨਾਤਮਕ ਗੱਲਬਾਤ ਦੀ ਆਸ ਕਰ ਰਿਹਾ ਹੈ। ਫ਼ੌਜ ਨਾਲ ਸਬੰਧਤ ਸੂਤਰਾਂ ਨੇ ਦੋਹਾਂ ਪੱਖਾਂ ਵਿਚਾਲੇ 20 ਮਹੀਨਿਆਂ ਦੇ ਵਿਵਾਦ ‘ਤੇ 14ਵੇਂ ਗੇੜ ਦੀ ਫ਼ੌਜੀ ਗੱਲਬਾਤ ਦੇ ਮੱਦੇਨਜ਼ਰ ਅੱਜ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਹ ਗੱਲਬਾਤ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ‘ਤੇ ਚੀਨ ਵੱਲੋਂ ਚੁਸ਼ੁਲ-ਮੋਲਦੋ ਮੀਟਿੰਗ ਪੁਆਇੰਟ ‘ਤੇ ਹੋਵੇਗੀ। ਉਨ੍ਹਾਂ ਦੱਸਿਆ ਕਿ ਸੀਨੀਅਰ ਫ਼ੌਜੀ ਕਮਾਂਡਰ ਪੱਧਰ ਦੀ ਗੱਲਬਾਤ ਸਵੇਰੇ 9.30 ਵਜੇ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਟਕਰਾਅ ਵਾਲੇ ਖੇਤਰਾਂ ਵਿਚ ਮੁੱਦਿਆਂ ਨੂੰ ਹੱਲ ਕਰਨ ਲਈ ਰਚਨਾਤਮਕ ਗੱਲਬਾਤ ਦੀ ਆਸ ਕਰ ਰਿਹ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਗੱਲਬਾਤ ਮੁੱਖ ਤੌਰ ‘ਤੇ ਹੌਟ ਸਪ੍ਰਿੰਗਸ ਇਲਾਕਿਆਂ ਵਿੱਚੋਂ ਫ਼ੌਜ ਨੂੰ ਹਟਾਉਣ ‘ਤੇ ਕੇਂਦਰਿਤ ਹੋਵੇਗੀ। -ਪੀਟੀਆਈ