ਬੈਂਕਾਕ, 10 ਜਨਵਰੀ
ਮਿਆਂਮਾਰ ਦੀ ਅਦਾਲਤ ਨੇ ਸੱਤਾ ਤੋਂ ਲਾਂਭੇ ਕੀਤੀ ਗਈ ਆਗੂ ਆਂਗ ਸਾਂ ਸੂ ਕੀ (76) ਨੂੰ ਹੋਰ ਚਾਰ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਸ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਵਾਕੀ-ਟਾਕੀ ਦਰਾਮਦ ਕਰਨ ਅਤੇ ਕਰੋਨਾਵਾਇਰਸ ਪਾਬੰਦੀਆਂ ਦੀ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸੂ ਕੀ ਨੂੰ ਪਿਛਲੇ ਮਹੀਨੇ ਦੋ ਹੋਰ ਦੋਸ਼ਾਂ ਹੇਠ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਨੂੰ ਫ਼ੌਜੀ ਸਰਕਾਰ ਦੇ ਮੁਖੀ ਨੇ ਘਟਾ ਕੇ ਦੋ ਸਾਲ ਕਰ ਦਿੱਤਾ ਸੀ। ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਸੂ ਕੀ ਖ਼ਿਲਾਫ਼ ਦਰਜਨ ਕੁ ਹੋਰ ਕੇਸ ਦਰਜ ਕੀਤੇ ਗਏ ਹਨ ਅਤੇ ਜੇਕਰ ਸਾਰੇ ਦੋਸ਼ ਸਾਬਿਤ ਹੋ ਗਏ ਤਾਂ ਉਸ ਨੂੰ 100 ਸਾਲ ਤੋਂ ਜ਼ਿਆਦਾ ਦੀ ਸਜ਼ਾ ਹੋ ਸਕਦੀ ਹੈ। ਸੂ ਕੀ ਦੇ ਹਮਾਇਤੀਆਂ ਅਤੇ ਨਿਰਪੱਖ ਮਾਹਿਰਾਂ ਨੇ ਕਿਹਾ ਹੈ ਕਿ ਉਸ ਦੀ ਸੱਤਾ ‘ਚ ਵਾਪਸੀ ਰੋਕਣ ਲਈ ਫ਼ੌਜ ਨੇ ਜਾਣਬੁੱਝ ਕੇ ਅਜਿਹੇ ਦੋਸ਼ ਮੜ੍ਹੇ ਹਨ। ਜ਼ਿਕਰਯੋਗ ਹੈ ਕਿ ਸੂ ਕੀ ਦੀ ਪਾਰਟੀ ਨੇ 2020 ਦੀਆਂ ਆਮ ਚੋਣਾਂ ‘ਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ ਪਰ ਫ਼ੌਜ ਨੇ ਦਾਅਵਾ ਕੀਤਾ ਸੀ ਕਿ ਚੋਣਾਂ ਦੌਰਾਨ ਵੱਡੇ ਪੱਧਰ ‘ਤੇ ਗੜਬੜੀ ਕੀਤੀ ਗਈ ਸੀ। ਅਦਾਲਤ ‘ਚ ਕੇਸ ਦੀ ਸੁਣਵਾਈ ਦੌਰਾਨ ਸੂ ਕੀ ਕੈਦੀਆਂ ਵਾਲੇ ਕੱਪੜਿਆਂ ‘ਚ ਹਾਜ਼ਰ ਸੀ। ਫ਼ੌਜ ਨੇ ਉਸ ਨੂੰ ਅਣਦੱਸੀ ਥਾਂ ‘ਤੇ ਰੱਖਿਆ ਹੋਇਆ ਹੈ ਜਿਥੇ ਉਹ ਸਜ਼ਾ ਪੂਰੀ ਕਰੇਗੀ। ਕੇਸਾਂ ਦੀ ਸੁਣਵਾਈ ਦੌਰਾਨ ਮੀਡੀਆ ਅਤੇ ਆਮ ਲੋਕਾਂ ਦੀ ਹਾਜ਼ਰੀ ‘ਤੇ ਰੋਕ ਲਾਈ ਗਈ ਸੀ। ਵਕੀਲਾਂ ਨੂੰ ਵੀ ਕੋਈ ਟਿੱਪਣੀ ਕਰਨ ਤੋਂ ਰੋਕਿਆ ਗਿਆ ਹੈ। ਕੌਮਾਂਤਰੀ ਦਬਾਅ ਦੇ ਬਾਵਜੂਦ ਫ਼ੌਜੀ ਹਕੂਮਤ ਨੇ ਸੂ ਕੀ ਨਾਲ ਕਿਸੇ ਦੀ ਮੁਲਾਕਾਤ ਨਹੀਂ ਕਰਵਾਈ ਹੈ। -ਏਪੀ