ਲਾਹੌਰ, 15 ਜਨਵਰੀ
ਭਾਰਤ ਅਤੇ ਪਾਕਿਸਤਾਨ ਨੂੰ ਜੋੜਨ ਵਾਲੇ ਇਤਿਹਾਸਕ ਕਰਤਾਰਪੁਰ ਲਾਂਘੇ ਦੀ ਤਰ੍ਹਾਂ ਪਾਕਿਸਤਾਨ ਦੇ ਯੂ-ਟਿਊਬ ਚੈਨਲ ‘ਪੰਜਾਬੀ ਲਹਿਰ’ ਨੇ ਸਰਹੱਦ ਦੇ ਦੋਵੇਂ ਪਾਸੇ ਰਹਿੰਦੇ 200 ਦੋਸਤਾਂ ਅਤੇ ਪਰਿਵਾਰਾਂ ਨੂੰ ਦੁਬਾਰਾ ਮਿਲਾਇਆ ਹੈ। 74 ਸਾਲਾਂ ਬਾਅਦ ਇਸ ਚੈਨਲ ਨੇ ਵੰਡ ਵੇਲੇ ਵਿਛੜੇ ਭਰਾਵਾਂ ਨੂੰ ਮੁੜ ਮਿਲਾਇਆ ਅਤੇ ਇਹ ਨਜ਼ਾਰਾ ਦੇਖ ਕੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇਹ ਵੀਡੀਓ ਵਾਇਰਲ ਹੋ ਗਿਆ ਤੇ ਘਰ ਘਰ ਪੁੱਜ ਗਿਆ। 5,31,000 ਸਬਸਕ੍ਰਾਈਬਰਾਂ ਨਾਲ ਆਪਣਾ ਯੂਟਿਊਬ ਚੈਨਲ ਚਲਾਉਣ ਵਾਲੇ ਨਾਸਿਰ ਢਿੱਲੋਂ ਨੇ ਕਿਹਾ ਕਿ ਚੈਨਲ ਦਾ ਉਦੇਸ਼ ਪੂਰਬੀ ਅਤੇ ਪੱਛਮੀ ਪੰਜਾਬ ਵਿੱਚ ਵੰਡ ਕਾਰਨ ਪੈਦਾ ਹੋਏ ਪਾੜੇ ਨੂੰ ਪੂਰਾ ਕਰਨਾ ਹੈ। ਢਿੱਲੋਂ ਨੇ ਦੱਸਿਆ ਕਿ ਦੋਵੇਂ ਪਾਸਿਆਂ ਤੋਂ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਲੋਕਾਂ ਦੀ ਮਦਦ ਨਾਲ ਸਰਹੱਦ ਪਾਰ ਤੋਂ 200 ਦੋਸਤਾਂ ਅਤੇ ਪਰਿਵਾਰਾਂ ਨੂੰ ਦੁਬਾਰਾ ਮਿਲਾਇਆ ਹੈ। ਨਨਕਾਣਾ ਸਾਹਿਬ ਦੇ ਭੁਪਿੰਦਰ ਸਿੰਘ ਲਵਲੀ ਨਾਲ ਚੈਨਲ ਚਲਾਉਣ ਵਾਲੇ ਢਿੱਲੋਂ ਨੇ ਕਿਹਾ ਕਿ ‘ਸਰਹੱਦ ਦੇ ਦੋਵੇਂ ਪਾਸੇ ਦੇ ਲੋਕਾਂ ਕੋਲ 1947 ਦੀ ਵੰਡ ਦੇ ਖੂਨੀ ਦੰਗਿਆਂ ਦੌਰਾਨ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਵੱਖ ਹੋਣ ਦੀਆਂ ਕਹਾਣੀਆਂ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਅਜ਼ੀਜ਼ਾਂ, ਦੋਸਤਾਂ ਅਤੇ ਪੁਰਖਿਆਂ ਦਾ ਘਰ ਲੱਭਣ ਵਿੱਚ ਮਦਦ ਕਰਨ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਫੈਸਲਾਬਾਦ ਦੇ ਰਹਿਣ ਵਾਲੇ 37 ਸਾਲਾ ਢਿੱਲੋਂ, ਜੋ 12 ਸਾਲ ਤੱਕ ਪੰਜਾਬ ਪੁਲੀਸ ਵਿੱਚ ਅਫਸਰ ਰਿਹਾ, ਨੇ ਚਾਰ ਸਾਲ ਪਹਿਲਾਂ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਸੀ। ਉਸ ਨੇ ਕਿਹਾ ਕਿ ਉਸ ਦੇ ਦਾਦਾ ਜੀ ਨੇ ਉਸ ਨੂੰ ਵੰਡ ਕਾਰਨ ਟੁੱਟੇ ਪਰਿਵਾਰਾਂ ਅਤੇ ਦੋਸਤਾਂ ਨੂੰ ਮੁੜ ਜੋੜਨ ਅਤੇ ਸਰਹੱਦ ਪਾਰ ਦੇ ਲੋਕਾਂ ਵਿਚਕਾਰ ਪਿਆਰ ਨੂੰ ਵਧਾਉਣ ਲਈ ਚੈਨਲ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਤਿੰਨ ਬੱਚਿਆਂ ਦੇ ਪਿਤਾ ਢਿੱਲੋਂ ਨੇ ਕਿਹਾ ਕਿ ਜੇ ਭਾਰਤ ਸਰਕਾਰ ਉਸ ਨੂੰ ਵੀਜ਼ਾ ਦੇਵੇ ਤਾਂ ਉਹ ਵੀ ਆਪਣੇ ਜੱਦੀ ਪਿੰਡ ਜਾਣਾ ਚਾਹੁੰਦਾ ਹੈ।