ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਪ੍ਰਣ ਲਈਏ
ਸਰਬ ਸਾਂਝੇ ਤਿਉਹਾਰ ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਤੇ ਇਸ ਦਿਨ ਲੋਕ ਅਪਣੇ ਘਰਾਂ ’ਚ ਦੀਵੇ ਬਾਲ ਕੇ ਅਤੇ ਪਟਾਕੇ ਚਲਾ ਕੇ ਇਸ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਉਂਦੇ ਹਨ। ਸਦੀਆਂ ਤੋਂ ਇਸ ਨੂੰ ਦੀਵੇ ਜਗਾਉਣ ਅਤੇ ਦੀਪਮਾਲਾ ਕਰ ਕੇ ਮਨਾਇਆ ਜਾਂਦਾ ਹੈ, ਇਸ ਲਈ ਇਸ ਨੂੰ ਦੀਪਾਵਲੀ ਵੀ ਕਿਹਾ ਜਾਂਦਾ ਹੈ। ਇਸ ਮਹਾਨ ਤਿਉਹਾਰ ਨਾਲ ਇਕ ਨਕਾਰਾਤਮਕ ਪੱਖ ਵੀ ਜੋੜਿਆ ਹੋਇਆ ਹੈ। ਲਗਭਗ 3 ਦਹਾਕਿਆਂ ਤੋਂ ਦੀਵਾਲੀ ਦਾ ਇਕ ਹੋਰ ਪਹਿਲੂ ਤੇਜ਼ੀ ਨਾਲ ਵਧਿਆ ਹੈ, ਉਹ ਹੈ ਇਸ ਨੂੰ ਮਨਾਉਣ ਲਈ ਪਟਾਕਿਆਂ ਤੇ ਆਤਿਸ਼ਬਾਜ਼ੀ ਦੀ ਬੇਹਿਸਾਬੀ ਵਰਤੋਂ। ਦੀਵਾਲੀ ਦੇ ਤਿਉਹਾਰ ਦੌਰਾਨ ਵਰਤੋਂ ਕੀਤੇ ਜਾਂਦੇ ਪਟਾਕਿਆਂ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਮਾਤਰਾ ਵੀ ਬੇਹਿਸਾਬੀ ਹੁੰਦੀ ਹੈ। ਅੱਜਕਲ ਸਿਰਫ਼ ਦੀਵਾਲੀ ’ਤੇ ਹੀ ਪਟਾਕੇ ਨਹੀਂ ਚਲਾਏ ਜਾਂਦੇ ਬਲਕਿ ਹੋਰ ਤਿਉਹਾਰਾਂ ਸਮੇਂ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ’ਚ ਹੁਣ ਲਗਭਗ ਹਰ ਧਾਰਮਕ ਸਮਾਗਮ ’ਤੇ ਵੀ ਇਨ੍ਹਾਂ ਦੀ ਵਰਤੋਂ ਹੋਣ ਲੱਗ ਪਈ ਹੈ। ਦੀਵਾਲੀ ਮੌਕੇ ਪਟਾਕਿਆਂ ਦੀ ਥੜਥੜਾਹਟ ਚਾਰ ਚੁਫ਼ੇਰੇ ਕੁੱਝ ਜ਼ਿਆਦਾ ਹੀ ਹੁੰਦੀ ਹੈ। ਇਸ ਨਾਲ ਚਾਰ ਚੁਫ਼ੇਰੇ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ। ਦੀਵਾਲੀ ’ਤੇ ਹੋਣ ਵਾਲੇ ਪ੍ਰਦੂਸ਼ਣ ਦੀ ਸਭ ਤੋਂ ਵੱਡੀ ਕਿਸਮ ਹਵਾ ਪ੍ਰਦੂਸ਼ਣ ਹੈ। ਇਸ ਤੋਂ ਇਲਾਵਾ ਦੀਵਾਲੀ ਦੇ ਤਿਉਹਾਰ ਦੌਰਾਨ ਹਵਾ ਪ੍ਰਦੂਸ਼ਣ ਖ਼ਤਰਨਾਕ ਪਧਰ ਤਕ ਵੱਧ ਜਾਂਦਾ ਹੈ। ਅੱਜਕਲ ਏਅਰ ਕੁਆਲਿਟੀ ਇੰਡੈਕਸ ਦਾ ਪਧਰ ਵੀ ਬੇਤਹਾਸ਼ਾ ਵੱਧ ਗਿਆ ਹੈ।
ਬਹੁਤੇ ਪਟਾਕਿਆਂ ਦੀ ਵਰਤੋਂ ਨਾਲ ਬਹੁਤ ਹੀ ਮਹੀਨ ਬਰੀਕ ਕਣ 2.5 ਪੀਐਮ (ਪਾਰਟੀਕਲ ਮੈਟਰ) ਜਾਂ 10 ਪੀ ਐਮ ਵਾਲੇ ਪੈਦਾ ਹੁੰਦੇ ਹਨ। ਇਹ ਕਣ ਅਕਸਰ ਇੰਨੇ ਮਹੀਨ ਹੁੰਦੇ ਹਨ ਕਿ ਫੇਫੜਿਆਂ ’ਚ ਪਹੁੰਚ ਜਾਂਦੇ ਹਨ, ਜਿਥੇ ਇਹ ਹਮੇਸ਼ਾ ਲਈ ਜੰਮ ਜਾਂਦੇ ਹਨ। ਕਈ ਤਾਂ ਉਥੋਂ ਅੱਗੇ ਖ਼ੂਨ ਵਿਚ ਸ਼ਾਮਲ ਹੋ ਜਾਂਦੇ ਹਨ। ਇਨ੍ਹਾਂ ’ਚ ਕੁੱਝ ਪ੍ਰਦੂਸ਼ਕ ਕੁਦਰਤੀ ਪ੍ਰਕਿਰਿਆ ਦੇ ਹਿੱਸੇ ਵਜੋਂ ਪੈਦਾ ਹੁੰਦੇ ਹਨ। ਜਿਵੇਂ, ਧੂੜ ਭਰੀ ਹਨੇਰੀ ਤੇ ਕੁੱਝ ਮਨੁੱਖੀ ਗਤੀਵਿਧੀਆਂ ਦਾ ਸਿੱਟਾ ਹੁੰਦੇ ਹਨ। ਜਿਵੇਂ ਉਸਾਰੀ ਕਾਰਜ ਜਾਂ ਪਰਾਲੀ ਨੂੰ ਲਗਾਈ ਜਾਣ ਵਾਲੀ ਅੱਗ ਨਾਲ।
ਪਟਾਕੇ ਚਲਾਉਣ ਦਾ ਇਹ ਹਾਨੀਕਾਰਕ ਪ੍ਰਭਾਵ ਦੀਵਾਲੀ ਤੋਂ ਬਾਅਦ ਕਈ ਦਿਨਾਂ ਤਕ ਰਹਿੰਦਾ ਹੈ। ਦੀਵਾਲੀ ਦੇ ਵਧਦੇ ਪ੍ਰਦੂਸ਼ਣ ਨਾਲ ਏਅਰ ਕੁਆਲਿਟੀ ਇੰਡੈਕਸ ਹੋਰ ਵਧਣ ਦਾ ਖ਼ਦਸ਼ਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਹਵਾ ਦਾ ਪ੍ਰਦੂਸ਼ਣ ਵੱਖ-ਵੱਖ ਜਾਨਵਰਾਂ ਅਤੇ ਪੰਛੀਆਂ ਲਈ ਵੀ ਕਾਫ਼ੀ ਨੁਕਸਾਨਦਾਇਕ ਹੈ।ਵਿਸ਼ਵ ਸਿਹਤ ਸੰਗਠਨ ਅਨੁਸਾਰ, ਸਾਡੇ ਕੰਨਾਂ ਲਈ ਕਿਸੇ ਵੀ ਆਵਾਜ਼ ਦਾ ਸੁਰੱਖਿਅਤ ਪਧਰ 85 ਡੀਬੀ ਤੋਂ ਘੱਟ ਹੈ। ਲੰਮੇ ਸਮੇਂ ਲਈ 85 ਡੈਸਿਬਲ ਤੋਂ ਉਪਰ ਦੀ ਕੋਈ ਵੀ ਆਵਾਜ਼ ਕੰਨਾਂ ਦੇ ਸੰਵੇਦਨਸ਼ੀਲ ਟਿਸ਼ੂਆਂ ਨੂੰ ਅਸਥਾਈ ਤੌਰ ’ਤੇ ਨੁਕਸਾਨ ਪਹੁੰਚਾ ਸਕਦੀ ਹੈ ਜਾਂ ਸਥਾਈ ਤੌਰ ਤੇ ਸੁਣਨ ਸ਼ਕਤੀ ਖ਼ਤਮ ਵੀ ਕਰ ਸਕਦੀ ਹੈ। ਵਧੇਰੇ ਸ਼ੋਰ ਨਾਲ ਬੱਚੇ, ਗਰਭਵਤੀ ਮਹਿਲਾਵਾਂ ਅਤੇ ਸਾਹ ਦੀ ਬਿਮਾਰੀ ਨਾਲ ਪੀੜਤ ਵਿਅਕਤੀ ਜ਼ਿਆਦਾ ਪ੍ਰਭਾਵਤ ਹੁੰਦੇ ਹਨ।ਪਟਾਕਿਆਂ ਵਿਚ ਮੁੱਖ ਤੌਰ ’ਤੇ ਗੰਧਕ, ਐਂਟੀਮਨੀ ਸਲਫਾਈਡ, ਬੇਰੀਅਮ ਨਾਈਟ੍ਰੇਟ, ਐਲੂਮੀਨੀਅਮ, ਤਾਂਬਾ, ਲਿਥੀਅਮ ਅਤੇ ਸਟ੍ਰੋਂਟੀਅਮ ਅਤੇ ਕਾਰਬਨ ਹੁੰਦੇ ਹਨ। ਬਾਲਗਾਂ ਨਾਲੋਂ ਛੋਟੇ ਬੱਚੇ ਇਸ ਕਿਸਮ ਦੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਬੇਰੀਅਮ ਨਾਈਟ੍ਰੇਟ ਸਾਹ ਸਬੰਧੀ ਵਿਕਾਰ, ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਇਥੋਂ ਤਕ ਕਿ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਕਾਪਰ ਅਤੇ ਲਿਥੀਅਮ ਮਿਸ਼ਰਣ ਹਾਰਮੋਨਲ ਅਸੰਤੁਲਨ ਦਾ ਕਾਰਨ ਬਣ ਸਕਦੇ ਹਨ ਹਾਲਾਂਕਿ ਇਹ ਰਸਾਇਣ ਅਲਜ਼ਾਈਮਰ ਤੋਂ ਲੈ ਕੇ ਫੇਫੜਿਆਂ ਦੇ ਕੈਂਸਰ ਤਕ ਅਤੇ ਸਾਹ ਦੀਆਂ ਸਮੱਸਿਆਵਾਂ ਤਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ ਫਿਰ ਵੀ ਲੋਕ ਪਟਾਕੇ ਚਲਾਉਣ ਤੋਂ ਗੁਰੇਜ਼ ਨਹੀਂ ਕਰਦੇ।
The post ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਪ੍ਰਣ ਲਈਏ first appeared on Ontario Punjabi News.