ਟੋਰਾਂਟੋ: ਪੁਲਿਸ ਵੱਲੋਂ 90 ਮਿਲੀਅਨ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ
ਟੋਰਾਂਟੋ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਗਿਰੋਹ ਕੋਲੋਂ 90 ਮਿਲੀਅਨ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਦੇ ਇਤਿਹਾਸ ਵਿਚ ਨਸ਼ਿਆਂ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਹੈ ਜਿਸ ਵਿਚ 551 ਕਿਲੋ ਕੋਕੀਨ ਅਤੇ 441 ਕਿਲੋ ਕ੍ਰਿਸਟਲ ਮੈਥਮਫੈਟਾਮਿਨ ਸ਼ਾਮਲ ਹਨ ।ਪੁਲਿਸ ਵੱਲੋਂ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਹ ਸਾਰੇ ਜੀ.ਟੀ.ਏ. ਨਾਲ ਸਬੰਧਤ ਹਨ। ਅਜੈਕਸ ਨਾਲ ਸਬੰਧਤ ਦੋ ਜਣਿਆਂ ਦੀ ਸ਼ਨਾਖਤ ਕੈਮਰਨ ਲੌਂਗਮੋਰ ਅਤੇ ਜ਼ੁਬਾਯੁਲ ਹੱਕ ਵਜੋਂ ਕੀਤੀ ਗਈ ਹੈ ਜਦਕਿ ਇਟੋਬੀਕੋ ਦੇ ਬ੍ਰਾਇਨ ਸ਼ੈਰਿਟ ਅਤੇ ਅਬੂਬਕਰ ਮੁਹੰਮਦ ਵਿਰੁੱਧ ਵੀ ਦੋਸ਼ ਆਇਦ ਕੀਤੇ ਗਏ ਹਨ। ਟੋਰਾਂਟੋ ਦੇ ਬਸ਼ੀਰ ਹਸਨ ਅਬਦੀ ਅਤੇ ਲੁਕੋ ਲੌਡਰ ਨੂੰ ਨਾਮਜ਼ਦ ਕਰਦਿਆਂ ਨਸ਼ਾ ਤਸਕਰੀ ਵਾਸਤੇ ਪਾਬੰਦੀ ਸ਼ੁਦਾ ਪਦਾਰਥ ਰੱਖਣ ਅਤੇ ਪਹਿਲੇ ਦਰਜੇ ਦਾ ਨਸ਼ੀਲਾ ਪਦਾਰਥ ਸਮੱਗਲ ਕਰਨ ਦੇ ਦੋਸ਼ ਲਾਏ ਗਏ ਹਨ। ਟੋਰਾਂਟੋ ਪੁਲਿਸ ਦੇ ਸੁਪਰਡੈਂਟ ਸਟੀਵ ਵਾਟਸ ਨੇ ਦੱਸਿਆ ਕਿ ਸੱਤ ਸ਼ੱਕੀਆਂ ਵਿਚੋਂ ਪੰਜ ਨੂੰ ਜ਼ਮਾਨਤ ਵੀ ਮਿਲ ਗਈ ਹੈ।
The post ਟੋਰਾਂਟੋ: ਪੁਲਿਸ ਵੱਲੋਂ 90 ਮਿਲੀਅਨ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ first appeared on Ontario Punjabi News.