ਰੱਖਿਆ ਸਕੱਤਰ ਦੀ ਝਾੜ-ਝੰਬ ਕਰਨ ਵਾਲੇ ਜੱਜ ਦਾ ਖੁੱਸਿਆ ਅਹੁਦਾ
ਰੱਖਿਆ ਸਕੱਤਰ ਅਤੇ ਫੌਜ ਦੇ ਸਾਬਕਾ ਜਨਰਲ ਨੂੰ ਫਿਟਕਾਰ ਲਾਉਣੀ ਇੱਕ ਜੱਜ ਨੂੰ ਮਹਿੰਗੀ ਫੈ ਗਈ। ਮਾਮਲਾ ਪਾਕਿਸਤਾਨ ਦੇ ਪੰਜਾਬ ਦਾ ਜਿੱਥੇ ਇੱਕ ਜ਼ਿਲ੍ਹਾ ਜੱਜ ਨੂੰ ਦੇਸ਼ ਦੇ ਰੱਖਿਆ ਸਕੱਤਰ ਅਤੇ ਫੌਜ ਦੇ ਸਾਬਕਾ ਜਨਰਲ ਹਮੂਦੁਜ਼ ਜ਼ਮਾਨ ਨੂੰ ਅਦਾਲਤ ਦੇ ਹੁਕਮ ਦੀ ਪਾਲਣਾ ਕਰਨ ’ਚ ਕਥਿਤ ਤੌਰ ’ਤੇ ਅਸਫਲ ਰਹਿਣ ’ਤੇ ਫਿਟਕਾਰ ਲਾਉਣ ਕਾਰਨ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਰਾਵਲਪਿੰਡੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਤਾਇਨਾਤ ਵਾਰਿਸ ਅਲੀ ਨੂੰ ਸ਼ਨਿਚਰਵਾਰ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਸਪੈਸ਼ਲ ਡਿਊੁਟੀ ਅਧਿਕਾਰੀ (ਓਐੱਸਡੀ) ਐਲਾਨਣ ਮਗਰੋਂ ਲਾਹੌਰ ਭੇਜ ਦਿੱਤਾ ਗਿਆ। ਲਾਹੌਰ ਹਾਈ ਕੋਰਟ ਦੇ ਰਜਿਸਟਰਾਰ ਸ਼ੇਖ ਖਾਲਿਦ ਬਸ਼ੀਰ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ, ‘‘ਮਾਣਯੋਗ ਚੀਫ ਜਸਟਿਸ ਅਤੇ ਹੋਰ ਜੱਜਾਂ ਨੇ ਰਾਵਲਪਿੰਡੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਾਰਿਸ ਅਲੀ ਨੂੰ ਜਨਹਿਤ ’ਚ ਤਰੁੰਤ ਪ੍ਰਭਾਵ ਨਾਲ ਸੈਸ਼ਨ ਅਦਾਲਤ ਲਾਹੌਰ ਵਿੱਚ ਓਐੱਸਡੀ ਤਾਇਨਾਤ ਕੀਤਾ ਹੈ। ਹਾਈ ਕੋਰਟ ਨੇ ਰੱਖਿਆ ਸਕੱਤਰ ਸਾਬਕਾ ਲੈਫਟੀਨੈਂਟ ਜਨਰਲ ਹਮੂਦੁਜ਼ ਜ਼ਮਾਨ ਨੂੰ ਫਿਟਕਾਰ ਪਾਏ ਜਾਣ ਦੇ ਇੱਕ ਦਿਨ ਬਾਅਦ ਅਲੀ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ। ਅਲੀ ਨੇ ਸ਼ੁੱਕਰਵਾਰ ਨੂੰ ਇੱਕ ਕੇਸ ਦੀ ਸੁਣਵਾਈ ਦੌਰਾਨ ਸੰਘੀ ਸਰਕਾਰ ਨੂੰ ਰੱਖਿਆ ਸਕੱਤਰ ਜ਼ਮਾਨ ਨੂੰ ਅਹੁਦੇ ਤੋਂ ਹਟਾਉਣ ਦਾ ਹੁਕਮ ਦਿੱਤਾ ਸੀ, ਜਿਸ ਮਗਰੋਂ ਉੱਚ ਅਧਿਕਾਰੀ ਖ਼ਫਾ ਸਨ।
The post ਰੱਖਿਆ ਸਕੱਤਰ ਦੀ ਝਾੜ-ਝੰਬ ਕਰਨ ਵਾਲੇ ਜੱਜ ਦਾ ਖੁੱਸਿਆ ਅਹੁਦਾ first appeared on Ontario Punjabi News.