ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਦੋ ਸਾਲ ਦੀ ਸਜ਼ਾ
ਸੁਨਾਮ ਦੀ ਇਕ ਅਦਾਲਤ ਵਲੋਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਉਸ ਦੇ 8 ਹੋਰ ਸਾਥੀਆਂ ਨੂੰ ਦੋ ਸਾਲ ਦੀ ਸਜ਼ਾ ਦੇ ਨਾਲ-ਨਾਲ ਪੰਜ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਗਈ ਹੈ। ਰਜਿੰਦਰ ਦੀਪਾ ਜੋ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੁਨਾਮ ਤੋਂ ਹਲਕਾ ਇੰਚਾਰਜ ਵੀ ਹਨ ਨੇ ਸਾਲ 2008 ‘ਚ ਮੁਕਾਮੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਮਨ ਅਰੋੜਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਘਰ ‘ਚ ਜ਼ਬਰਦਸਤੀ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਸੀ ਪਰ ਪੁਲਿਸ ਇਸ ਮਾਮਲੇ ਵਿਚ ਕਾਰਵਾਈ ਨਹੀਂ ਕਰ ਰਹੀ, ਜਿਸ ‘ਤੇ ਰਜਿੰਦਰ ਦੀਪਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਕਰੀਬ ਪੰਦਰਾਂ ਸਾਲ ਚੱਲੇ ਇਸ ਕੇਸ ਦੀ ਸੁਣਵਾਈ ਕਰਦਿਆਂ ਅੱਜ ਸਬਡਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ ਗੁਰਪਿੰਦਰ ਸਿੰਘ ਜੌਹਲ ਦੀ ਅਦਾਲਤ ਵਲੋਂ ਅਮਨ ਅਰੋੜਾ ਅਤੇ ਪ੍ਰਮੇਸ਼ਵਰੀ ਦੇਵੀ ਤੋਂ ਇਲਾਵਾ ਜਗਜੀਵਨ ਕੁਮਾਰ ਲੱਕੀ,ਬਲਜਿੰਦਰ ਸਿੰਘ ਨਮੋਲ, ਲਾਭ ਸਿੰਘ ਨੀਲੋਵਾਲ,ਚਿਤਵੰਤ ਸਿੰਘ ਸ਼ੇਰੋਂ, ਕੁਲਦੀਪ ਸਿੰਘ ਸ਼ੇਰੋਂ, ਸਤਿਗੁਰ ਸਿੰਘ ਨਮੋਲ, ਰਜਿੰਦਰ ਸਿੰਘ ਆਦਿ ਨੌਂ ਜਣਿਆਂ ਨੂੰ ਆਈ.ਪੀ.ਸੀ.ਦੀ ਧਾਰਾ 452 ਚ 2-2 ਸਾਲ ਅਤੇ 323 ਵਿਚ 1-1 ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ।
The post ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਦੋ ਸਾਲ ਦੀ ਸਜ਼ਾ first appeared on Ontario Punjabi News.