ਸਿੱਖ ਜਥੇਬੰਦੀਆਂ ਵੱਲੋਂ ਅਮਰੀਕੀ ਕਾਂਗਰਸਮੈਨਾਂ ਨੂੰ ਅਮਰੀਕਨ ਸਿੱਖਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਬਾਰੇ ਲਿਖਿਆ ਗਿਆ ਪੱਤਰ
ਸਿੱਖ ਜਥੇਬੰਦੀਆਂ ਵੱਲੋਂ ਅਮਰੀਕੀ ਕਾਂਗਰਸਮੈਨਾਂ ਨੂੰ ਅਮਰੀਕਨ ਸਿੱਖਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਬਾਰੇ ਲਿਖਿਆ ਗਿਆ ਪੱਤਰ
ਵਾਸ਼ਿੰਗਟਨ ਡੀ.ਸੀ, 20 ਦਸੰਬਰ: ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਅਮਰੀਕਾ ਦੇ ਭਾਰਤੀ ਮੂਲ ਦੇ ਕਾਂਗਰਸਮੈਨਾਂ ਨੂੰ ਇਕ ਪੱਤਰ ਲਿਖਿਆ ਗਿਆ ਹੈ, ਜਿਸ ਵਿਚ ਸਿੱਖਾਂ ਨੂੰ ਅਮਰੀਕੀ ਧਰਤੀ ‘ਤੇ ਭਾਰਤ ਸਰਕਾਰ ਵੱਲੋਂ ਮਾਰਨ ਦੀ ਕੋਸ਼ਿਸ਼ ਦੇ ਸ਼ੱਕ ਬਾਰੇ ਪੱਤਰ ਰਾਹੀਂ ਜਾਣੂੰ ਕਰਵਾਇਆ ਗਿਆ ਹੈ। ਇਹ ਪੱਤਰ ਕਾਂਗਰਸਮੈਨ ਐਮੀ ਬੇਰਾ, ਪ੍ਰਮਿਲਾ ਜੈਪਾਲ, ਰੋ ਖੰਨਾ, ਰਾਜਾ ਕ੍ਰਿਸ਼ਨਾਮੂਰਤੀ ਅਤੇ ਸ਼੍ਰੀ ਥਾਣੇਦਾਰ ਨੂੰ ਲਿਖਿਆ ਗਿਆ ਹੈ। ਪੱਤਰ ਵਿਚ ਇਨ੍ਹਾਂ ਅਮਰੀਕੀ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਹਾਨੂੰ ਸਿੱਖ ਅਮਰੀਕਨ ਭਾਈਚਾਰੇ ਨਾਲ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ। ਪੱਤਰ ਵਿਚ ਨਿਖਿਲ ਗੁਪਤਾ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਕੁੱਝ ਕੀਮਤੀ ਜਾਨਾਂ ਦਾ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਆਗੂਆਂ ਨੇ ਅਮਰੀਕਨ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਆਪਣਾ ਅਸਰ-ਰਸੂਖ ਵਰਤ ਕੇ ਅਜਿਹੀਆਂ ਕਾਰਵਾਈਆਂ ਨੂੰ ਰੋਕਿਆ ਜਾਵੇ। ਇਸ ਪੱਤਰ ਵਿਚ ਕੈਨੇਡਾ ਦੇ ਹਰਦੀਪ ਸਿੰਘ ਨਿੱਝਰ, ਯੂ.ਕੇ. ਦੇ ਅਵਤਾਰ ਸਿੰਘ ਖੰਡਾ ਦੇ ਕਤਲਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਨਾਲ ਦੀ ਨਾਲ ਅਮਰੀਕੀ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ ਦੀ ਧਰਤੀ ‘ਤੇ ਕਥਿਤ ਤੌਰ ‘ਤੇ ਕਤਲ ਦੀ ਸਾਜ਼ਿਸ਼ ਵੱਲ ਧਿਆਨ ਦਿਵਾਇਆ ਗਿਆ ਹੈ।
ਪੱਤਰ ਵਿਚ ਕਿਹਾ ਗਿਆ ਹੈ ਕਿ ਭਾਰਤੀ ਵਿਦੇਸ਼ ਨੀਤੀ ਦੀ ਸਿੱਖਾਂ ਦੇ ਖਿਲਾਫ ਕਾਰਵਾਈਆਂ ਨੂੰ ਰੋਕਣਾ ਚਾਹੀਦਾ ਹੈ। ਪਿੱਛੇ ਜਿਹੇ ਸਟਾਕਟਨ ਦੇ ਗੁਰਦੁਆਰਾ ਸਾਹਿਬ ਦੇ ਪਾਠੀ ਸਾਹਿਬਾਨ ਨੂੰ ਧਮਕਾਉਣ ਬਾਰੇ ਵੀ ਅਗਾਹ ਕੀਤਾ ਗਿਆ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਅਸੀਂ ਅਮਰੀਕੀ ਧਰਤੀ ‘ਤੇ ਅੰਤਰਰਾਸ਼ਟਰੀ ਦਮਨ ਨੂੰ ਖਤਮ ਕਰਨ ਲਈ ਆਪ ਤੋਂ ਉਮੀਦ ਰੱਖਦੇ ਹਾਂ। ਪੱਤਰ ਵਿਚ ਇਨ੍ਹਾਂ ਅਮਰੀਕੀ ਕਾਂਗਰਸਮੈਨਾਂ ਨੂੰ 15 ਦਿਨਾਂ ਦੇ ਅੰਦਰ ਜਵਾਬ ਦੇਣ ਦੀ ਬੇਨਤੀ ਕੀਤੀ ਗਈ ਹੈ। ਪੱਤਰ ਵਿਚ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਗੁਰਦੇਵ ਸਿੰਘ ਨੰਨਨ ਦੇ ਹਸਤਾਖਰ ਹਨ।
ਇਥੇ ਇਹ ਜ਼ਿਕਰਯੋਗ ਹੈ ਕਿ ਅਮਰੀਕਾ ਦੀ ਗਾਰਡੀਅਨ ਅਖ਼ਬਾਰ ਨੇ ਨਿਊਯਾਰਕ ਆਧਾਰਿਤ ਵਕੀਲ ਗੁਰਪਤਵੰਤ ਸਿੰਘ ਪੰਨੂ ਨੂੰ ਸੋਸ਼ਲ ਮੀਡੀਆ ‘ਤੇ ਮਿਲ ਰਹੀਆਂ ਧਮਕੀਆਂ ਬਾਰੇ ਵਿਸਥਾਰ ਨਾਲ ਰਿਪੋਰਟ ਛਾਪੀ ਹੈ। ਉਸ ਵਿਚ ਦੱਸਿਆ ਗਿਆ ਹੈ ਕਿ ਏਜੰਸੀਆਂ ਵੱਲੋਂ ਅਮਰੀਕਾ ਤੇ ਕੈਨੇਡਾ ਦੀ ਧਰਤੀ ‘ਤੇ ਸਿੱਖਾਂ ਨੂੰ ਮਾਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਜੂਨ ਮਹੀਨੇ ਵਿਚ ਹਰਦੀਪ ਸਿੰਘ ਨਿੱਝਰ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ। ਇੱਧਰ ਪੰਨੂ ਨੇ ਕਿਹਾ ਹੈ ਕਿ ਮੈਂ ਪੰਜਾਬ ਨੂੰ ਭਾਰਤੀ ਕਬਜੇ ਤੋਂ ਆਜ਼ਾਦ ਕਰਵਾਉਣ ਲਈ ਰਾਏਸ਼ੁਮਾਰੀ ਦਾ ਆਯੋਜਨ ਕਰ ਰਿਹਾ ਹਾਂ, ਜਿਸ ਕਰਕੇ ਸੋਸ਼ਲ ਮੀਡੀਆ ਪੋਸਟਾਂ ‘ਤੇ ਮੇਰੀ ਤੁਲਨਾ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਨਾਲ ਕੀਤੀ ਜਾ ਰਹੀ ਹੈ, ਜੋ 2020 ਵਿਚ ਇਕ ਹਮਲੇ ਦੌਰਾਨ ਮਾਰ ਦਿੱਤਾ ਗਿਆ ਸੀ।
56 ਸਾਲਾ ਪੰਨੂ, ਜੋ ਪੰਜਾਬ ਵਿਚ ਪੈਦਾ ਹੋਇਆ ਸੀ ਅਤੇ ਅਮਰੀਕਾ ਆ ਕੇ ਅਟਾਰਨੀ ਬਣ ਗਿਆ। ਭਾਰਤ ਵੱਲੋਂ 2020 ਵਿਚ ਉਸ ਨੂੰ ਅੱਤਵਾਦੀ ਵਜੋਂ ਸੂਚੀਬੱਧ ਕਰ ਦਿੱਤਾ ਗਿਆ ਸੀ। ਅਮਰੀਕਾ ਵਿਚ ਉਹ ਖਾਲਿਸਤਾਨ ਵਜੋਂ ਜਾਣੇ ਜਾਂਦੇ ਇੱਕ ਵੱਖਰੇ ਸਿੱਖ ਰਾਜ ਦੀ ਸਿਰਜਣਾ ਦੀ ਅਗਵਾਈ ਕਰ ਰਿਹਾ ਹੈ।
The post ਸਿੱਖ ਜਥੇਬੰਦੀਆਂ ਵੱਲੋਂ ਅਮਰੀਕੀ ਕਾਂਗਰਸਮੈਨਾਂ ਨੂੰ ਅਮਰੀਕਨ ਸਿੱਖਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਬਾਰੇ ਲਿਖਿਆ ਗਿਆ ਪੱਤਰ first appeared on Ontario Punjabi News.