ਨਿਊਯਾਰਕ, 19 ਜਨਵਰੀ
ਸੰਯੁਕਤ ਰਾਸ਼ਟਰ ਵਿਚ ਭਾਰਤੀ ਰਾਜਦੂਤ ਨੇ ਡੀ-ਕੰਪਨੀ ਦੇ ਮੁਖੀ ਦਾਊਦ ਇਬਰਾਹਿਮ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ 1993 ਦੇ ਮੁੰਬਈ ਬੰਬ ਧਮਾਕਿਆਂ ਲਈ ਜ਼ਿੰਮੇਵਾਰ ਅਪਰਾਧ ਸਿੰਡੀਕੇਟ ਪਾਕਿਸਤਾਨ ਵਿਚ ਪੰਜ ਸਿਤਾਰਾ ਹੋਟਲਾਂ ਵਿੱਚ ਪਰਾਹੁਣਚਾਰੀ ਦਾ ਆਨੰਦ ਲੈ ਰਿਹਾ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਦਿੱਤੀ ਗਈ ਹੈ। ਸੰਯੁਕਤ ਰਾਸ਼ਟਰ ‘ਚ ਭਾਰਤੀ ਰਾਜਦੂਤ ਟੀਐੱਸ ਤਿਰੁਮੂਰਤੀ ਨੇ ਗਲੋਬਲ ਕਾਊਂਟਰ-ਟੈਰੋਰਿਜ਼ਮ ਕੌਂਸਲ ਵੱਲੋਂ ਕਰਵਾਈ ਅੰਤਰਰਾਸ਼ਟਰੀ ਅਤਿਵਾਦ ਵਿਰੋਧੀ ਕਾਨਫਰੰਸ 2022 ਵਿੱਚ ਕਿਹਾ ਕਿ ਅਤਿਵਾਦ ਅਤੇ ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਵਿਚਕਾਰ ਸਬੰਧਾਂ ਨੂੰ ਗੰਭੀਰ ਮੰਨਦਿਆਂ ਇਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ,’ਅਸੀਂ 1993 ਦੇ ਮੁੰਬਈ ਬੰਬ ਧਮਾਕਿਆਂ ਲਈ ਜ਼ਿੰਮੇਵਾਰ ਅਪਰਾਧ ਸਿੰਡੀਕੇਟ ਨੂੰ ਦੇਖਿਆ ਹੈ, ਉਸ ਨੂੰ ਨਾ ਸਿਰਫ਼ ਸਰਕਾਰੀ ਸੁਰੱਖਿਆ ਦਿੱਤੀ ਗਈ ਹੈ, ਸਗੋਂ ਉਹ ਪੰਜ ਸਿਤਾਰਾ ਮਹਿਮਾਨਨਿਵਾਜ਼ੀ ਦਾ ਆਨੰਦ ਮਾਣ ਰਿਹਾ ਹੈ।’
ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵੱਲੋਂ ਪਾਬੰਦੀਸ਼ੁਦਾ ਪਾਕਿਸਤਾਨੀ ਅਤਿਵਾਦੀ ਸੰਗਠਨਾਂ ਜਿਵੇਂ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਨਾਲ ਅਲ-ਕਾਇਦਾ ਦੇ ਸਬੰਧ ਮਜ਼ਬੂਤ ਹੁੰਦੇ ਜਾ ਰਹੇ ਹਨ। ਅਫ਼ਗ਼ਾਨਿਸਤਾਨ ਵਿੱਚ ਹਾਲ ਹੀ ਦੇ ਘਟਨਾਕ੍ਰਮ ਨੇ ਇਸ ਅਤਿਵਾਦੀ ਸੰਗਠਨ ਨੂੰ ਮਜ਼ਬੂਤ ਹੋਣ ਦਾ ਮੌਕਾ ਦਿੱਤਾ ਹੈ।