ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 20 ਜਨਵਰੀ
ਦੇਸ਼ ਵਿੱਚ ਕਰੋਨਾ ਦੀ ਤੀਸਰੀ ਲਹਿਰ ਦੌਰਾਨ ਮ੍ਰਿਤਕਾਂ ਦੀ ਗਿਣਤੀ ਦੂਜੀ ਲਹਿਰ ਨਾਲੋਂ ਘਟ ਹੈ ਕਿਉਂਕਿ ਵਧੇਰੇ ਲੋਕਾਂ ਨੇ ਟੀਕਾਕਰਨ ਕਰਵਾਇਆ ਹੋਇਆ ਹੈ। ਇਹ ਖੁਲਾਸਾ ਸਿਹਤ ਮੰਤਰਾਲੇ ਵੱਲੋਂ ਕਰਵਾਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦੇਖਿਆ ਗਿਆ ਹੈ ਕਿ ਓਮੀਕਰੋਨ ਕੇਸਾਂ ਦੇ ਬਾਵਜੂਦ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਉਣ ਦੀ ਨੌਬਤ ਘਟ ਆ ਰਹੀ ਹੈ। ਦੇਸ਼ ਵਿੱਚ ਜੇਕਰ ਕਰੋਨਾ ਦੀ ਦੂਸਰੀ ਤੇ ਤੀਸਰੀ ਲਹਿਰ ਦੀ ਤੁਲਨਾ ਕੀਤੀ ਜਾਵੇ ਤਾਂ 30 ਅਪਰੈਲ 2021 ਨੂੰ ਕਰੋਨਾ ਦੇ 3,86,452 ਕੇਸ ਸਾਹਮਣੇ ਆਏ ਸਨ ਤੇ 3059 ਮੌਤਾਂ ਹੋਈਆਂ ਸਨ ਤੇ ਐਕਟਿਵ ਕੇਸਾਂ ਦੀ ਗਿਣਤੀ 31,70,228 ਸੀ। ਉਸ ਸਮੇਂ ਦੇਸ਼ ਦੀ ਸਿਰਫ 2 ਫੀਸਦ ਆਬਾਦੀ ਨੇ ਹੀ ਟੀਕਾਕਰਨ ਕਰਵਾਇਆ ਸੀ। ਇਸ ਦੇ ਮੁਕਾਬਲੇ ਅੱਜ ਵੀਰਵਾਰ ਨੂੰ 317532 ਨਵੇਂ ਕੇਸ ਸਾਹਮਣੇ ਆਏ ਹਨ, 380 ਮੌਤਾਂ ਹੋਈਆਂ ਹਨ ਤੇ ਐਕਟਿਵ ਕੇਸਾਂ ਦੀ ਗਿਣਤੀ 19,24,051 ਹੈ ਤੇ ਦੇਸ਼ ਦੀ 72 ਆਬਾਦੀ ਨੇ ਟੀਕਾਕਰਨ ਕਰਵਾਇਆ ਹੋਇਆ ਹੈ। ਆਈਸੀਐੱਮਆਰ ਦੇ ਮੁਖੀ ਬਲਰਾਮ ਭਾਰਗਵ ਨੇ ਕਿਹਾ ਕਿ ਟੀਕਾਕਰਨ ਕਾਰਨ ਮੌਤਾਂ ਦੀ ਦਰ ਘਟੀ ਹੈ।