ਨਵੀਂ ਦਿੱਲੀ, 25 ਜਨਵਰੀ
ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਕਿਹਾ ਕਿ ਅੰਗਹੀਣ ਵਿਅਕਤੀਆਂ ਦੀ ਕੋਵਿਡ ਟੀਕਾਕਰਨ ਪ੍ਰਕਿਰਿਆ ਵਿਚ ਸੁਧਾਰ ਲਈ ਮਾਹਿਰਾਂ ਤੇ ਸਾਰੇ ਹਿੱਤਧਾਰਕਾਂ ਤੋਂ ਸੁਝਾਅ ਮੰਗੇ ਜਾਣ। ਅਦਾਲਤ ਦੇ ਬੈਂਚ ਨੇ ਕਿਹਾ ਕਿ ਸਮਾਜਿਕ ਨਿਆਂ ਮੰਤਰਾਲਾ ਸਹੂਲਤਾਂ ਵਿਚ ਸੁਧਾਰ ਲਈ ਅਜਿਹਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਤਿੰਨ ਹਫ਼ਤਿਆਂ ਵਿਚ ਸੁਝਾਅ ਲੈ ਕੇ ਸਿਹਤ ਮੰਤਰਾਲੇ ਅੱਗੇ ਵਿਆਪਕ ਤਜਵੀਜ਼ ਰੱਖੀ ਜਾ ਸਕਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲਾਂ ਅਪਣਾਈ ਗਈ ਪ੍ਰਣਾਲੀ ਨਾਲੋਂ ਅੱਗੇ ਵਧਣ ਦੀ ਲੋੜ ਹੈ ਤਾਂ ਕਿ ਅੰਗਹੀਣ ਵਿਅਕਤੀਆਂ ਤੱਕ ਵੈਕਸੀਨ ਦੀ ਪਹੁੰਚ ਵਿਚ ਵਾਧਾ ਹੋਵੇ। ਇਕ ਐਨਜੀਓ ਵੱਲੋਂ ਦਾਇਰ ਪਟੀਸ਼ਨ ਉਤੇ ਸੁਪਰੀਮ ਕੋਰਟ ਹੁਣ ਚਾਰ ਹਫ਼ਤਿਆਂ ਬਾਅਦ ਸੁਣਵਾਈ ਕਰੇਗਾ। ਪਟੀਸ਼ਨ ਵਿਚ ਅੰਗਹੀਣਾਂ ਵਿਚ ਢੁੱਕਵੀਆਂ ਟੀਕਾਕਰਨ ਸਹੂਲਤਾਂ ਦੀ ਮੰਗ ਕੀਤੀ ਗਈ ਸੀ। -ਪੀਟੀਆਈ