ਅਹਿਮਦਾਬਾਦ, 22 ਅਗਸਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ ਨੂੰ ਦਿੱਲੀ ਦੇ ਸਕੂਲਾਂ ਦਾ ਮਿਆਰ ਸੁਧਾਰਨ ਲਈ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਸੀ, ਪਰ ਕੇਂਦਰ ਸਰਕਾਰ ਸਿਆਸੀ ਮੁਫ਼ਾਦਾਂ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਮਹੀਨੇ ਗੁਜਰਾਤ ਦੀ ਆਪਣੀ ਪੰਜਵੀਂ ਫੇਰੀ ਦੌਰਾਨ ਕੇਜਰੀਵਾਲ ਨੇ ਕਿਹਾ, ”ਨਿਊ ਯਾਰਕ ਟਾਈਮਜ਼ ਨੇ ਸਾਡੇ ਸਿੱਖਿਆ ਮਾਡਲ ਦੀ ਤਾਰੀਫ਼ ਕੀਤੀ ਹੈ, ਪਰ ਕੇਂਦਰ ਸਰਕਾਰ ਸਿਸੋਦੀਆ ਦੀ ਤਾਰੀਫ਼ ਕਰਨ ਦੀ ਥਾਂ ਉਸ ਨੂੰ ਨਿਸ਼ਾਨਾ ਬਣਾ ਰਹੀ ਹੈ।” ਕੇਜਰੀਵਾਲ ਨੇ ਖ਼ਦਸ਼ਾ ਜਤਾਇਆ ਕਿ ਸਿਸੋਦੀਆ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ”ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ; ਕੀ ਪਤਾ ਮੈਨੂੰ ਵੀ ਗ੍ਰਿਫ਼ਤਾਰ ਕਰ ਲੈਣ। ਇਹ ਸਭ ਗੁਜਰਾਤ ਵਿਧਾਨ ਸਭਾ ਚੋਣਾਂ ਕਰਕੇ ਕੀਤਾ ਜਾ ਰਿਹੈ।” ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੇ ਲੋਕ ਉਦਾਸ ਹਨ ਤੇ ਪਿਛਲੇ 27 ਸਾਲਾਂ ਤੋਂ ਰਾਜ ਵਿੱਚ ਭਾਜਪਾ ਹਕੂਮਤ ਦੇ ਹੰਕਾਰ ਨੂੰ ਝੱਲ ਰਹੇ ਹਨ। ਕੇਜਰੀਵਾਲ ਨੇ ਵਾਅਦਾ ਕੀਤਾ ਕਿ ਸੂਬੇ ਵਿੱਚ ‘ਆਪ’ ਸਰਕਾਰ ਆਉਣ ‘ਤੇ ਗੁਜਰਾਤ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। -ਪੀਟੀਆਈ