ਜਕਾਰਤਾ, 25 ਫਰਵਰੀ
ਇੰਡੋਨੇਸ਼ੀਆ ਦੇ ਪੱਛਮੀ ਪਾਪੂਆ ਸੂਬੇ ਵਿੱਚ ਇੱਕ ਨਾਈਟ ਕਲੱਬ ਅੰਦਰ ਦੋ ਧਿਰਾਂ ਵਿਚਾਲੇ ਝਗੜੇ ਅਤੇ ਅੱਗ ਲੱਗਣ ਦੀ ਘਟਨਾ ਕਾਰਨ 19 ਲੋਕਾਂ ਦੀ ਮੌਤ ਹੋ ਗਈ ਹੈ। ਪੱਛਮੀ ਪਾਪੂਆ ਪੁਲੀਸ ਦੇ ਤਰਜਮਾਨ ਐਡਮ ਇਰਵਿੰਡੀ ਨੇ ਮੈਟਰੋ ਟੀਵੀ ‘ਤੇ ਦੱਸਿਆ ਕਿ ਇਹ ਘਟਨਾ ਸੋਰੇਂਗ ਸ਼ਹਿਰ ਦੇ ਇੱਕ ਨਾਈਟ ਕਲੱਬ ‘ਚ ਵਾਪਰੀ ਅਤੇ ਝਗੜੇ ਦੌਰਾਨ ਇੱਕ ਗਰੁੱਪ ਦੇ ਇੱਕ ਮੈਂਬਰ ਦੀ ਮੌਤ ਹੋ ਗਈ। ਦੱਸਿਆ ਗਿਆ ਕਿ ਬਾਕੀ 18 ਲੋਕਾਂ ਦੀ ਮੌਤ ਅੱਗ ਲੱਗਣ ਕਾਰਨ ਹੋਈ ਹੈ। ਪੁਲੀਸ ਵੱਲੋਂ ਝਗੜੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ ਅਤੇ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਲਾਈ ਗਈ ਸੀ ਜਾਂ ਆਪਣੇ ਆਪ ਲੱਗੀ ਸੀ। ਇਰਵਿੰਡੀ ਨੇ ਦੱਸਿਆ ਕਿ ਪੁਲੀਸ ਅਧਿਕਾਰੀਆਂ ਵੱਲੋਂ ਦੋਵਾਂ ਧਿਰਾਂ ਦੇ ਮੁੱਖ ਲੋਕਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਅਤੇ ਇੰਡੋਨਸ਼ੀਆ ਦੀ ਫ਼ੌਜ ਦੇ ਅਧਿਕਾਰੀਆਂ ਨੇ ਇਲਾਕੇ ਨੂੰ ਆਪਣੇ ਕੰਟਰੋਲ ਹੇਠ ਲੈ ਲਿਆ ਹੈ। -ਏਪੀ