ਨਵੀਂ ਦਿੱਲੀ, 6 ਫਰਵਰੀ
ਚੋਣ ਕਮਿਸ਼ਨ ਨੇ ਐਤਵਾਰ ਨੂੰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਰੋਡ ਸ਼ੋਅ, ਪਦ ਯਾਤਰਾ, ਸਾਈਕਲ ਅਤੇ ਵਾਹਨ ਰੈਲੀਆਂ ‘ਤੇ ਲਗਾਈ ਪਾਬੰਦੀ ਨੂੰ ਵਧਾ ਦਿੱਤਾ ਪਰ ਸਿਆਸੀ ਮੀਟਿੰਗਾਂ ਨਾਲ ਸਬੰਧਤ ਨਿਯਮਾਂ ਵਿੱਚ ਢਿੱਲ ਦਿੱਤੀ। ਬਿਆਨ ਵਿੱਚ ਕਮਿਸ਼ਨ ਨੇ ਕਿਹਾ ਕਿ ਖੁੱਲ੍ਹੀਆਂ ਮੀਟਿੰਗਾਂ, ਬੰਦ ਇਮਾਰਤਾਂ ਵਿੱਚ ਇਕੱਠ ਕਰਨ ਅਤੇ ਰੈਲੀਆਂ ਕਰਨ ਸਬੰਧੀ ਪਾਬੰਦੀਆਂ ਵਿੱਚ ਹੋਰ ਢਿੱਲ ਦਿੱਤੀ ਗਈ ਹੈ ਪਰ ਬੰਦ ਆਡੀਟੋਰੀਅਮਾਂ ਦੀ ਸਮਰੱਥਾ ਵਾਲੇ 50 ਫੀਸਦੀ ਅਤੇ ਖੁੱਲ੍ਹੇ ਮੈਦਾਨ ਵਿੱਚ 30 ਫੀਸਦੀ ਸਮਰੱਥਾ ਨਾਲ ਲੋਕ ਸ਼ਾਮਲ ਹੋ ਸਕਣਗੇ। ਇਸ ਤੋਂ ਇਲਾਵਾ ਘਰ-ਘਰ ਪ੍ਰਚਾਰ ਕਰਨ ਲਈ ਵੱਧ ਤੋਂ ਵੱਧ 20 ਵਿਅਕਤੀਆਂ ਦੀ ਹੱਦ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਚੋਣ ਪ੍ਰਚਾਰ ਕਰਨ ‘ਤੇ ਪਾਬੰਦੀ ਲਾਗੂ ਰਹੇਗੀ। ਦੇਸ਼ ਵਿੱਚ ਉੱਤਰਾਖੰਡ, ਉੱਤਰ ਪ੍ਰਦੇਸ਼, ਗੋਆ, ਮਨੀਪੁਰ ਅਤੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।